Punjab

60 ਕਿਸਾਨਾਂ ਦੇ ਖੇਤਾਂ ਦੀ ਫ਼ਸਲ ਤਬਾਹ ਕਰਨ ਤੋਂ ਬਾਅਦ ਨਵੇਂ ਬੀਜਾਂ ਦੀਆਂ ਕਿਸਮਾਂ ਕਿਸਾਨਾਂ ਦੇ ਖੇਤਾਂ ਵਿੱਚ ਪਰਖਣ ‘ਤੇ ਲੱਗੀ ਪਾਬੰਦੀ

ਦ ਖ਼ਾਲਸ ਬਿਊਰੋ :- ਸੂਬਾ ਸਰਕਾਰ ਨੇ ਖੇਤਾਂ ’ਚ ਬੀਜਾਂ ਦੀਆਂ ਨਵੀਆਂ ਕਿਸਮਾਂ ਦੀ ਪਰਖ (ਟਰਾਇਲ) ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸੂਬੇ ’ਚ ਕਰੀਬ 60 ਕਿਸਾਨਾਂ ਦੇ ਖੇਤਾਂ ’ਚ ਪਰਖ ਵਾਸਤੇ ਲੱਗੀ ਝੋਨੇ ਦੀ ਪਨੀਰੀ ਦੀ ਵਹਾਈ ਕਰਵਾ ਦਿੱਤੀ ਗਈ ਹੈ। ਪੰਜਾਬ ਖੇਤੀ ਯੂਨੀਵਰਸਿਟੀ ਨੇ ਪਰਖ ਸਬੰਧੀ ਨੀਤੀ ਵਿੱਚ ਬਦਲਾਅ ਕੀਤਾ ਹੈ। ਇਸ ਤਹਿਤ ਹਫ਼ਤਾ-ਭਰ ਮੁਹਿੰਮ ਚਲਾ ਕੇ ਕਿਸਾਨਾਂ ਦੇ ਖੇਤਾਂ ’ਚ ਪਰਖ ਲਈ ਲਾਈਆਂ ਫਸਲਾਂ ਖ਼ਤਮ ਕਰਾ ਦਿੱਤੀਆਂ ਗਈਆਂ ਹਨ।

ਵੇਰਵਿਆਂ ਮੁਤਾਬਿਕ ਪੰਜਾਬ ਸਰਕਾਰ ਨੇ ਬੀਜ ਘਪਲੇ ਦਾ ਰੌਲਾ ਪੈਣ ਮਗਰੋਂ ਯੂਨੀਵਰਸਿਟੀ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਹਨ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਕਿਸਾਨਾਂ ਦੇ ਖੇਤਾਂ ‘ਚ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੀ ਪਨੀਰੀ ਖ਼ਤਮ ਕਰਾਈ ਗਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਦੇ ਬਰਾੜ ਸੀਡ ਸਟੋਰ ਤੋਂ ਅਣਅਧਿਕਾਰਤ ਬੀਜ ਮਿਲਣ ਮਗਰੋਂ ਵਿਰੋਧੀ ਧਿਰਾਂ ਨੇ ਬੀਜ ਘਪਲੇ ਦਾ ਮਾਮਲਾ ਉਠਾਇਆ ਸੀ। ਕਿਸਾਨਾਂ ਨੂੰ ਪਰਖ ਵਾਸਤੇ ਦਿੱਤੇ ਬੀਜ ਹੀ ਚੋਰ-ਮੋਰੀ ਰਾਹੀਂ ਘਪਲੇ ਦਾ ਹਿੱਸਾ ਬਣੇ ਸਨ।

ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਬਣਾ ਕੇ ਘਪਲੇ ਦੀ ਜਾਂਚ ਕਰਾਈ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਖੇਤੀ ਯੂਨੀਵਰਸਿਟੀ ਨੇ ਫ਼ੈਸਲਾ ਕੀਤਾ ਹੈ ਕਿ ਅੱਗੇ ਤੋਂ ਖੇਤੀ ’ਵਰਸਿਟੀ ਦੇ ਬੀਜਾਂ ਦੀ ਪਰਖ ਸਿਰਫ਼ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਸਰਕਾਰੀ ਬੀਜ ਫਾਰਮਾਂ ’ਤੇ ਹੀ ਹੋਵੇਗੀ। ਤਰਨਤਾਰਨ ਦੇ ਪਿੰਡ ਮਰਗਿੰਦਪੁਰਾ ਦੇ ਕਿਸਾਨ ਨਿਸ਼ਾਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਪਰਖ ਲਈ ਖੇਤੀ ’ਵਰਸਿਟੀ ਨੇ ਚਾਰ-ਚਾਰ ਮਰਲੇ ਰਕਬੇ ਵਿੱਚ ਪਨੀਰੀ ਦੀ ਬਿਜਾਂਦ ਕਰਾਈ ਸੀ ਪਰ ਹੁਣ ਪਨੀਰੀ ਖ਼ਤਮ ਹੀ ਕਰਾ ਦਿੱਤੀ ਗਈ ਹੈ।

ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਬਾਜਕ ਨੇ ਦੱਸਿਆ ਕਿ ਝੋਨੇ ਦੀਆਂ ਦੋ ਕਿਸਮਾਂ ਦੀ ਪਰਖ ਵਾਸਤੇ ਉਨ੍ਹਾਂ ਨੂੰ ਢਾਈ-ਢਾਈ ਸੌ ਗ੍ਰਾਮ ਬੀਜ ਦਿੱਤਾ ਗਿਆ ਸੀ, ਪਰ ਅਧਿਕਾਰੀ ਹੁਣ ਪਨੀਰੀ ਖਤਮ ਕਰਾ ਗਏ ਹਨ। ਨੇਹੀਆਂ ਵਾਲਾ ਪਿੰਡ ਦੇ ਕਿਸਾਨ ਗੁਰਮੇਲ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਖੇਤੀ ਯੂਨੀਵਰਸਿਟੀ ਨੇ ਨਵੀਂ ਕਿਸਮ ਦੀ ਪਰਖ ਵਾਲੀ ਪਨੀਰੀ ਖੇਤਾਂ ’ਚੋਂ ਪੁਟਵਾ ਦਿੱਤੀ ਹੈ।

ਸੂਚਨਾ ਮੁਤਾਬਕ ਖੇਤੀ ਯੂਨੀਵਰਸਿਟੀ ਨੇ ਹਰ ਜ਼ਿਲ੍ਹੇ ਵਿੱਚ ਤਿੰਨ-ਤਿੰਨ ਕਿਸਾਨਾਂ ਨੂੰ ਅਜ਼ਮਾਇਸ਼ ਲਈ ਝੋਨੇ ਦਾ ਬੀਜ ਵੰਡਿਆ ਸੀ ਪਰ ਸੰਭਾਵੀ ਘਪਲੇ ਦੇ ਖ਼ਦਸ਼ੇ ਕਾਰਨ ਹੁਣ ’ਵਰਸਿਟੀ ਡਰ ਗਈ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਅਮਰਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਖੇਤੀ ’ਵਰਸਿਟੀ ਦੇ ਹੁਕਮਾਂ ਮਗਰੋਂ ਉਨ੍ਹਾਂ ਨੇ ਪਰਖ ਤਹਿਤ ਲਾਈ ਪਨੀਰੀ ਖਤਮ ਕਰਾਈ ਹੈ।

ਪ੍ਰੋਟੋਕੋਲ ਵਿੱਚ ਬਦਲਾਅ ਲਈ ਕਿਹਾ ਗਿਆ

ਖੇਤੀਬਾੜੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਉਨ੍ਹਾਂ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਟਰਾਇਲ ਲਗਾਏ ਜਾਣ ਦੀ ਪਾਲਿਸੀ ਤਬਦੀਲ ਕਰਨ ਵਾਸਤੇ ਹਦਾਇਤ ਕੀਤੀ ਸੀ ਤਾਂ ਜੋ ਭਵਿੱਖ ਵਿੱਚ ਪੀ.ਆਰ 128/ਪੀ.ਆਰ 129 ਵਾਂਗ ਕਿਸੇ ਤਰ੍ਹਾਂ ਦੇ ਹੇਰ-ਫੇਰ ਤੋਂ ਬਚਿਆ ਜਾ ਸਕੇ ਕਿਉਂਕਿ ਇਹ ਤਜਰਬਾ ਮਾੜਾ ਰਿਹਾ ਹੈ।