Punjab

ਜਿੰਨਾਂ ਦੇ 2 ਚੱਲੇ ਗਏ ਉਨ੍ਹਾਂ ਨੂੰ 365 ਦਿਨਾਂ ਦਾ ਸਮਾਂ ਸਮਝ ਨਹੀਂ ਆਉਂਦਾ !

ਬਿਉਰੋ ਰਿਪੋਰਟ : 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਹੋਰ ਸਾਲ ਦਾ ਸਮਾਂ ਮੰਗ ਦੇ ਹੋਏ ਦਾਅਵਾ ਕੀਤਾ ਸੀ ਸਮੱਗਲਰਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਵੇਗਾ । ਪਰ ਉਨ੍ਹਾਂ ਪਰਿਵਾਰਾਂ ਦਾ ਕੀ ਜਿੰਨਾਂ ਦੇ ਜਵਾਕ ਰੋਜ਼ਾਨਾ ਨਸ਼ੇ ਨਾਲ ਦਮ ਤੋੜ ਰਹੇ ਹਨ ? ਉਨ੍ਹਾਂ ਨੂੰ 365 ਦਾ ਸਮਾਂ ਨਹੀਂ ਸਮਝ ਆਉਂਦਾ ਹੈ, ਸੋਮਵਾਰ ਨੂੰ ਬਰਨਾਲਾ ਅਤੇ ਤਰਨਤਾਰਨ ਤੋਂ 2 ਨੌਜਵਾਨਾਂ ਦੀ ਨਸ਼ੇ ਨਾਲ ਹੋਈ ਮੌਤ ਦੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ ਅਤੇ ਉਹ ਸਵਾਲ ਪੁੱਛ ਰਹੇ ਹਨ ਕਿ ਬਸ ਹੋਰ ਨਹੀਂ ਤਤਕਾਲ ਐਕਸ਼ਨ ਲਏ ਸਰਕਾਰ ।

ਬਰਨਾਲਾ ਦੇ ਪਿੰਡ ਭੱਠਾ ਵਿੱਚ ਸ਼ੱਕੀ ਹਾਲਤ ਵਿੱਚ ਮਿਲੇ ਨੌਜਵਾਨ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਦੱਸੀ ਜਾ ਰਹੀ ਹੈ । ਮ੍ਰਿਤਕ ਦੀ ਪਛਾਣ ਅਰਵਿੰਦਰ ਸਿੰਘ ਉਰਫ ਲਾਡੀ ਦੇ ਰੂਪ ਵਿੱਚ ਹੋਈ ਹੈ । ਪਰਿਵਾਰ ਮੁਤਾਬਿਕ ਲਾਡੀ ਘਰ ਤੋਂ ਆਪਣੇ ਦੋਸਤਾਂ ਨਾਲ ਜਾਣ ਦਾ ਕਹਿਕੇ ਗਿਆ ਸੀ । ਕੁਝ ਦਿਨ ਤੱਕ ਉਹ ਘਰ ਤੋਂ ਲਾਪਤਾ ਰਿਹਾ ਇਸੇ ਦੌਰਾਨ ਪਰਿਵਾਰ ਨੇ ਥਾਣਾ ਧਨੌਲੀ ਵਿੱਚ ਸ਼ਿਕਾਇਤ ਦਰਜ ਕਰਵਾਈ। ਹੁਣ ਜਦੋਂ ਉਸ ਦੀ ਲਾਸ਼ ਮਿਲੀ ਹੈ ਤਾਂ ਦੱਸਿਆ ਜਾ ਰਿਹਾ ਹੈ ਨਸ਼ਾ ਮੌਤ ਦਾ ਜ਼ਿੰਮੇਵਾਰ ਹੈ । ਪਰ ਪੁਲਿਸ ਦਾ ਕਹਿਣਾ ਹੈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲੀ ਕਾਰਨ ਪਤਾ ਚੱਲੇਗਾ । ਉਧਰ ਤਰਨਤਾਰਨ ਵਿੱਚ ਨਸ਼ੇ ਨੇ ਇੱਕ ਮਾਂ ਦੀ ਗੋਦ ਉਜਾੜ ਦਿੱਤਾ ਹੈ ।

ਤਰਨਤਾਰਨ ਦੇ ਮੁੰਡਾ ਪਿੰਡ ਵਿੱਚ ਇੱਕ ਨਾਬਾਲਿਗ ਦੀ ਜਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਚੱਲੀ ਗਈ ਹੈ । ਮਰਨ ਵਾਲਾ ਪਰਿਵਾਰ ਦਾ ਇੱਕਲੌਤਾ ਪੁੱਤਰ ਸੀ । ਪਰਿਵਾਰ ਅਤੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਨਸ਼ੇ ਦੀ ਪੂੜੀ ਇਲਾਕੇ ਵਿੱਚ ਆਮ ਮਿਲ ਦੀ ਹੈ ।ਆਲੇ ਦੁਆਲੇ ਦੇ ਪਿੰਡ ਵਾਲੇ ਨਸ਼ਾ ਖਰੀਦਨ ਆਉਂਦੇ ਹਨ ।

ਮ੍ਰਿਤਕ ਦੀ ਪਛਾਣ ਸਾਹਿਬ ਸਿੰਘ ਦੇ ਰੂਪ ਵਿੱਚ ਹੋਈ ਹੈ । ਉਹ ਸਿਰਫ਼ 15 ਸਾਲ ਦਾ ਸੀ,ਜਦੋਂ ਉਸ ਦੀ ਦਾੜੀ ਮੁੱਛ ਨਹੀਂ ਆਈ ਸੀ ਉਸ ਵੇਲੇ ਤੋਂ ਉਹ ਨਸ਼ੇ ਦੀ ਚਪੇਟ ਵਿੱਚ ਘਿਰ ਗਿਆ । ਪਿਤਾ ਪਰਮਜੀਤ ਸਿੰਘ ਅਤੇ ਪਰਿਵਾਰਿਕ ਮੈਂਬਰ ਦੱਸ ਦੇ ਹਨ ਕਿ ਕਈ ਵਾਰ ਉਸ ਨੂੰ ਨਸ਼ਾ ਛਡਾਉਣ ਦੀ ਕੋਸ਼ਿਸ਼ ਹੋਈ ਪਰ ਹਰ ਵਾਰ ਉਹ ਮੁੜ ਤੋਂ ਇੰਜੈਕਸ਼ਨ ਲਗਾਉਣ ਲੱਗਦਾ ਸੀ । ਪਰਿਵਾਰ ਦੇ ਮੈਂਬਰ ਹੁਣ ਸਰਕਾਰ ਅਤੇ ਨਸ਼ਾ ਤਸਕਰ ਦੋਵਾਂ ਨੂੰ ਕੋਸ ਰਹੇ ਹਨ ।

‘ਸਰਕਾਰ ਨੇ ਝੂਠੇ ਵਾਅਦੇ ਕੀਤੇ’

ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਇਲਾਕੇ ਵਿੱਚ ਨਸ਼ਾ ਖਤਮ ਕਰਨ ਦੇ ਸਰਕਾਰੀ ਦਾਅਵੇ ਝੂਠੇ ਹਨ । ਅਸੀਂ ਸਰਕਾਰ ‘ਤੇ ਵਿਸ਼ਵਾਸ਼ ਕੀਤਾ ਸੀ ਕਿ ਉਹ ਨਸ਼ੇ ਨੂੰ ਖਤਮ ਕਰ ਦੇਵੇਗੀ। ਪਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਨਸ਼ਾ ਪਹਿਲਾਂ ਤੋਂ ਵੱਧ ਵਿਕ ਰਿਹਾ ਹੈ। ਬੱਚੇ,ਵੱਡੇ,ਬਜ਼ੁਰਗ ਸਾਰੇ ਨਸ਼ੇ ਦੇ ਆਦੀ ਹਨ । ਜਿੰਨਾਂ ਬੱਚਿਆਂ ਦੀ ਪਰਵਰਿਸ਼ ਕੀਤੀ ਸੀ,ਨਸ਼ਾ ਕੁਝ ਸਾਲਾਂ ਤੋਂ ਉਨ੍ਹਾਂ ਦੀ ਜਾਨ ਲੈ ਰਿਹਾ ਹੈ ।