ਬਿਉਰੋ ਰਿਪੋਰਟ : ਬੇਅੰਤ ਸਿੰਘ ਦੇ ਕਤਲਕਾਂਡ ਵਿੱਚ ਫਾਂਸੀ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੇ ਖਿਲਾਫ਼ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾ ਨੇ ਕਿਹਾ ਕਿ ਮੋਰਚੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ । ਰਾਜੋਆਣਾ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਆਏ ਸਨ । ਇਸ ਦੌਰਾਨ ਰਾਜੋਆਣਾ ਨੇ ਜਗਤਾਰ ਸਿੰਘ ਹਵਾਲਾ ਦੇ ਵਕੀਲ ਅਮਰ ਸਿੰਘ ਚਾਹਲ ਅਤੇ ਉਨ੍ਹਾਂ ਦੇ ਧਰਮੀ ਪਿਤਾ ਗੁਰਚਰਨ ਸਿੰਘ ਖਿਲਾਫ਼ ਸਖਤ ਟਿੱਪਣੀਆਂ ਕੀਤੀਆਂ । ਰਾਜੋਆਣਾ ਨੇ ਕਿਹਾ ਕਿ ਵਕੀਲ ਅਮਰ ਸਿੰਘ ਚਾਹਲ ਏਜੰਸੀਆਂ ਦਾ ਬੰਦਾ ਹੈ । ਸਿਰਫ਼ ਇੰਨ੍ਹਾਂ ਹੀ ਨਹੀਂ ਰਾਜੋਆਣਾ ਨੇ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੇਰੇ ਖਿਲਾਫ਼ ਮਾੜੀ ਸ਼ਬਦਾਵਲੀ ਦੀ ਕਈ ਵਾਰ ਵਰਤੋਂ ਕੀਤੀ ਹੈ । ਇਸ ਤੋਂ ਪਹਿਲਾਂ ਰਾਜੋਆਣਾ ਦੀ ਭੈਣ ਵੀ ਆਪਣੇ ਆਪ ਨੂੰ ਕੌਮੀ ਇਨਸਾਫ ਮੋਰਚੇ ਤੋਂ ਵੱਖ ਕਰ ਚੁੱਕੀ ਸਨ । ਪੈਰੋਲ ‘ਤੇ ਰਿਹਾ ਹੋਏ ਬੰਦੀ ਸਿੰਘ ਗੁਰਦੀਪ ਸਿੰਘ ਖੈਰਾ ਨੇ ਵੀ ਮੋਰਚੇ ਨੂੰ ਲੈਕੇ ਸਵਾਲ ਚੁੱਕੇ ਸਨ । ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਰਾਜੋਆਣਾ ਦੇ ਬਿਆਨ ਦੀ ਹਮਾਇਤ ਕੀਤੀ ਹੈ ।
ਰਾਜੋਆਣਾ ਦੀ ਅਕਾਲੀ ਦਲ ਨਾਲ ਨਜ਼ਦੀਕੀਆਂ
ਰਾਜੋਆਣਾ ਦੇ ਤਾਜ਼ਾ ਬਿਆਨ ਨੂੰ ਲੈਕੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਕੌਮੀ ਇਨਸਾਫ ਮੋਰਚ ਨੂੰ ਲੈਕੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਕਿ ਮੋਰਚੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰਨ ਦੀ ਥਾਂ ਹੋਰ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਜਿਸ ਸ਼ਖ਼ਸ ਨੇ ਆਪ ਅਦਾਲਤ ਤੋਂ ਮੌਤ ਮੰਗੀ ਹੋਵੇ ਜੇਕਰ ਉਨ੍ਹਾਂ ਨੇ ਕੋਈ ਗੱਲ ਕੀਤੀ ਹੈ ਤਾਂ ਉਸ ਦੇ ਪਿੱਛੇ ਜ਼ਰੂਰ ਕੋਈ ਵਜ੍ਹਾ ਹੋਈ ਹੋਵੇਗੀ । ਉਨ੍ਹਾਂ ਕਿਹਾ ਮੋਰਚੇ ਵਿੱਚ ਕਦੇ ਵੀ ਕਾਂਗਰਸ ਵੱਲੋਂ ਸਿੱਖਾਂ ‘ਤੇ ਕੀਤੇ ਜ਼ੁਲਮ ਦੀ ਗੱਲ ਨਹੀਂ ਹੁੰਦੀ ਹੈ, ਅਕਾਲੀ ਦਲ ਨੂੰ ਟਾਰਗੇਟ ਕਰਨ ਦੇ ਲਈ ਬੇਅਦਬੀ ਵਰਗੇ ਮੁੱਦੇ ਚੁੱਕੇ ਜਾਂਦੇ ਸਨ । ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ‘ਤੇ ਐੱਸਜੀਪੀਸੀ ਆਪਣੀ ਰਿਪੋਰਟ ਦੇ ਚੁੱਕੀ ਹੈ ਫਿਰ ਵੀ ਜਾਣ ਬੁਝ ਕੇ ਉਸ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਚੁੱਕਿਆ ਜਾਂਦਾ ਹੈ। ਉਨ੍ਹਾਂ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਮੋਰਚੇ ‘ਤੇ ਸਵਾਲ
ਚੁੱਕੇ ਸਨ ।
ਭਾਈ ਗੁਰਦੀਪ ਸਿੰਘ ਨੇ ਮੋਰਚੇ ‘ਤੇ ਸਵਾਲ ਚੁੱਕੇ
ਗੁਰਦੀਪ ਸਿੰਘ ਖੈਰਾ ਜਦੋਂ ਇਸੇ ਮਹੀਨੇ 2 ਮਹੀਨੇ ਦੀ ਪੈਰੋਲ ‘ਤੇ ਰਿਹਾ ਹੋਏ ਸਨ ਤਾਂ ਉਨ੍ਹਾਂ ਨੇ ਵੀ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ ਸਨ । ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੁਝ ਲੋਕ ਫੰਡਿੰਗ ਦੇ ਲਈ ਮੋਰਚੇ ਲੱਗਾ ਰਹੇ ਹਨ । ਬੰਦੀ ਸਿੰਘ ਗੁਰਦੀਪ ਸਿੰਘ ਨੇ ਮੋਰਚੇ ਨੂੰ ਸਲਾਹ ਦਿੱਤੀ ਸੀ ਕਿ ਉਹ ਸਿਰਫ਼ ਰਿਹਾਈ ਦੀ ਗੱਲ ਕਰਨ ਜਿਹੜੇ ਲੋਕ ਖਾਲਿਸਤਾਨ ਦੇ ਨਾਅਰੇ ਲਾਉਂਦੇ ਹਨ ਉਨ੍ਹਾਂ ਨੂੰ ਮੋਰਚੇ ਦਾ ਹਿੱਸਾ ਨਾ ਬਣਨ ਦੇਣ। ਇਸ ਤੋਂ ਇਲਾਵਾ ਖੈਰਾ ਨੇ ਕਿਹਾ ਸੀ ਕਿ ਮੋਰਚੇ ਨੂੰ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾਵੇ ਇਸ ਨੂੰ ਹਿੰਸਕ ਨਾ ਹੋਣ ਦਿੱਤਾ ਜਾਵੇ ।
ਰਾਜੋਆਣਾ ਤੇ ਹਵਾਰਾ ਵਿੱਚ ਪੁਰਾਣਾ ਵਿਵਾਦ
ਦਰਅਸਲ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਹਵਾਰਾ ਅਤੇ ਰਾਜੋਆਣਾ ਦੇ ਹਮਾਇਤੀਆਂ ਵਿੱਚ ਖਿਚੋਤਾਣ ਨਜ਼ਰ ਆਈ ਹੋਵੇ । ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵਾਂ ਦੇ ਵਿਚਾਲੇ ਮਤਭੇਦ ਦੀਆਂ ਖਬਰਾਂ ਆ ਚੁੱਕਿਆਂ ਹਨ । ਹਵਾਰਾ ‘ਤੇ ਬਣੀ ਇੱਕ ਫਿਲਮ ਰਿਲੀਜ਼ ਹੋਈ ਸੀ ਤਾਂ ਵੀ ਰਾਜੋਆਣਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ । ਰਾਜੋਆਣਾ ਦੀ ਅਕਾਲੀ ਦਲ ਦੇ ਨਾਲ ਨਜ਼ਦੀਕੀਆਂ ਹਨ । ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਵੀ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਆਪਣਾ ਉਮੀਦਵਾਰ ਬਣਾਇਆ ਸੀ । ਰਾਜੋਆਣਾ ਵੀ ਕਈ ਵਾਰ ਅਕਾਲੀ ਦਲ ਦੇ ਹੱਕ ਵਿੱਚ ਵੋਟ ਕਰਨ ਦੀਆਂ ਚਿੱਠੀਆਂ ਜਾਰੀ ਕਰ ਚੁੱਕੇ ਹਨ । ਸਿਰਫ਼ ਇੰਨ੍ਹਾਂ ਹੀ ਨਹੀਂ ਇੱਕ ਦਹਾਕੇ ਪਹਿਲਾਂ ਜਦੋਂ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤਾਂ ਅਕਾਲੀ ਦਲ ਵੱਲੋਂ ਹੀ ਉਸ ਵੇਲੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ ਪਾਈ ਗਈ ਸੀ । SGPC ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਰਾਜੋਆਣਾ ਦੇ ਨਾਲ ਕਈ ਵਾਰ ਜੇਲ੍ਹ ਵਿੱਚ ਮੁਲਾਕਾਤ ਕਰਦੇ ਰਹਿੰਦੇ ਹਨ ।
ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਕਈ ਵਾਰ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕਰ ਚੁੱਕੇ ਹਨ । ਉਧਰ ਜਦੋਂ ਬੇਅਦਬੀਕਾਂਡ ਤੋਂ ਬਾਅਦ ਮੁਤਬਾਜ਼ੀ ਜਥੇਦਾਰਾਂ ਦੀ ਨਿਯੁਕਤੀ ਹੋਈ ਸੀ ਤਾਂ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ । ਸਾਫ ਹੈ ਕੌਮੀ ਇਨਸਾਫ਼ ਮੋਰਚੇ ਜਿਸ ਮੰਤਵ ਨਾਲ ਸ਼ੁਰੂ ਹੋਇਆ ਸੀ। ਭਾਈ ਗੁਰਦੀਪ ਸਿੰਘ ਖੈਰਾ ਅਤੇ ਰਾਜੋਆਣਾ ਦੇ ਤਾਜ਼ਾ ਬਿਆਨਾਂ ਨੇ ਇਸ ‘ਤੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ । ਇਹ ਇਸ ਲੜਾਈ ਨੂੰ ਕਿਧਰੇ ਨਾ ਕਿਧਰੇ ਕਮਜ਼ੋਰ ਜ਼ਰੂਰ ਕਰ ਰਿਹਾ ਹੈ । ਐੱਸਜੀਪੀਸੀ ਆਪਣੇ ਵੱਲੋਂ ਬੰਦੀ ਸਿੰਘਾਂ ਦੀ ਲੜਾਈ ਲਈ ਹਸਤਾਖਰ ਮਹਿੰਮ ਚੱਲਾ ਰਹੀ ਹੈ ਤਾਂ ਮੋਹਾਲੀ ਵਿੱਚ ਕੌਮੀ ਇਨਸਾਫ ਮੋਰਚਾ ਧਰਨੇ ਦੇ ਜ਼ਰੀਏ ਲੜਾਈ ਲੜ ਰਿਹਾ ਹੈ । ਜੇਕਰ ਵਾਕਿਏ ਹੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਹੈ ਤਾਂ ਸਿਰ ਜੋੜਨੇ ਜ਼ਰੂਰੀ ਹਨ। ਨਹੀਂ ਤਾਂ ਇਹ ਆਪਣੀ ਲੜਾਈ ਵਿੱਚ ਹੀ ਉਲਝ ਕੇ ਰਹਿ ਜਾਵੇਗੀ ।