ਬਿਊਰੋ ਰਿਪੋਰਟ : ਸ਼ਨਿਚਰਵਾਰ ਦਾ ਦਿਨ ਮਾਨ ਸਰਕਾਰ ਲਈ ਵੱਡਾ ਦਿਨ ਸੀ । ਫੌਜਾ ਸਿੰਘ ਸਰਾਰੀ ਦੀ ਕੈਬਨਿਟ ਤੋਂ ਛੁੱਟੀ ਹੋਈ ਅਤੇ ਡਾਕਟਰ ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁਕਾਉਣ ਤੋਂ ਬਾਅਦ ਸਿਹਤ ਵਿਭਾਗ ਦੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ । ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਵਿੱਚ ਵਿਭਾਗਾਂ ਨੂੰ ਲੈਕੇ ਵੱਡਾ ਫੇਰ ਬਦਲ ਕੀਤਾ ਹੈ । 2 ਮੰਤਰੀਆਂ ਦਾ ਡਿਮੋਸ਼ਨ ਕੀਤਾ ਗਿਆ ਹੈ ਜਦਕਿ 2 ਮੰਤਰੀ ਦਾ ਪਰਮੋਸ਼ਨ ਕੀਤਾ ਗਿਆ ਹੈ। ਜਿਹੜੇ ਮੰਤਰੀ ਤੋਂ ਵਿਭਾਗ ਵਾਪਸ ਲਏ ਗਏ ਹਨ ਉਨ੍ਹਾਂ ਵਿੱਚ ਹਰਜੋਤ ਸਿੰਘ ਬੈਂਸ ਅਤੇ ਚੇਤਨ ਸਿੰਘ ਜੋੜਾਮਾਜਰਾ ਹਨ ਜਦਕਿ ਜਿੰਨਾਂ ਮੰਤਰੀ ਦਾ ਪਰਮੋਸ਼ਨ ਹੋਇਆ ਹੈ ਉਨ੍ਹਾਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਨਮੋਲ ਗਗਨ ਮਾਨ ਦਾ ਨਾਂ ਸ਼ਾਮਲ ਹੈ ।
ਇਸ ਵਜ੍ਹਾ ਨਾਲ ਹੋਇਆ ਡਿਮੋਸ਼ਨ
ਮਾਨ ਕੈਬਨਿਟ ਵਿੱਚ ਸਭ ਤੋਂ ਜ਼ਿਆਦਾ ਅਤੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ 2 ਅਹਿਮ ਮੰਤਰਾਲੇ ਦੀ ਜ਼ਿੰਮੇਵਾਰੀ ਵਾਪਸ ਲਈ ਗਈ ਹੈ । ਇੰਨਾਂ ਵਿੱਚੋਂ ਇੱਕ ਹੈ ਜੇਲ੍ਹ ਵਿਭਾਗ,ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੋਢਿਆਂ ‘ਤੇ ਹੁਣ ਚੁੱਕ ਲਈ ਹੈ । ਪੰਜਾਬ ਦੀਆਂ ਜੇਲ੍ਹਾਂ ਤੋਂ ਨਸ਼ੇ ਅਤੇ ਗੈਂਗਸਟਰਾਂ ਵੱਲੋਂ ਜੇਲ੍ਹਾਂ ਵਿੱਚ ਬੈਠ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਹੋ ਸਕਦਾ ਹੈ ਇਸੇ ਲਈ ਬੈਂਸ ਤੋਂ ਇਹ ਵਿਭਾਗ ਵਾਪਸ ਲਿਆ ਗਿਆ ਹੋਵੇ। ਇਸ ਤੋਂ ਇਲਾਵਾ ਮਾਇਨਿੰਗ ਵਿਭਾਗ ਦੀ ਜ਼ਿੰਮੇਵਾਰੀ ਵੀ ਹਰਜੋਤ ਸਿੰਘ ਬੈਂਸ ਦੇ ਹੱਥੋ ਨਿਕਲ ਗਿਆ ਹੈ । ਲਗਾਤਾਰ ਵੱਧ ਰਹੀਆਂ ਰੇਤ ਦੀਆਂ ਕੀਮਤਾਂ ਅਤੇ ਗੈਰ ਕਾਨੂੰਨੀ ਮਾਇਨਿੰਗ ਇਸ ਦੇ ਪਿੱਛੇ ਵੱਡੀ ਵਜ੍ਹਾ ਹੋ ਸਕਦੀ ਹੈ। ਇਹ ਵਿਭਾਗ ਹੁਣ ਗੁਰਮੀਤ ਸਿੰਘ ਮੀਤਹੇਅਰ ਨੂੰ ਸੌਂਪ ਦਿੱਤਾ ਗਿਆ ਹੈ । ਹਰਜੋਤ ਬੈਂਸ ਕੋਲ ਹੁਣ ਸਕੂਲੀ ਸਿੱਖਿਆ,ਤਕਨੀਕੀ ਸਿੱਖਿਆ ਅਤੇ ਸਨਅਤੀ ਟ੍ਰੇਨਿੰਗ,ਉੱਚ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਰਹੇਗੀ । ਬੈਂਸ ਤੋਂ ਇਲਾਵਾ ਚੇਤਨ ਸਿੰਘ ਜੋੜਾਮਾਜਰਾ ਦੀ ਵੀ ਡਿਮੋਸ਼ਨ ਹੋਈ ਹੈ । ਉਨ੍ਹਾਂ ਤੋਂ ਸਿਹਤ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਵਾਪਸ ਲਈ ਗਈ ਹੈ। ਲੰਮੇ ਵਕਤ ਤੋਂ ਇਹ ਚਰਚਾ ਚੱਲ ਰਹੀ ਸੀ। ਉਨ੍ਹਾਂ ਕੋਲ ਹੁਣ ਫੌਜਾ ਸਿੰਘ ਸਰਾਰੀ ਦਾ ਫ੍ਰੀਡਮ ਫਾਇਟਰ,ਰੱਖਿਆ ਸਰਵਿਸ ਵਿਭਾਗ,ਫੂਡ ਪ੍ਰੋਸੈਸਿੰਗ ਅਤੇ ਹੋਰਟੀਕਲਚਰ ਦੀ ਜ਼ਿੰਮੇਵਾਰੀ ਹੈ ।
ਮੀਤ ਤੇ ਗਗਨ ਦਾ ਪਰਮੋਸ਼ਨ
ਕੈਬਨਿਟ ਮੰਤਰੀ ਗੁਰਮੀਤ ਹੇਅਰ ਦਾ ਪਰਮੋਸ਼ਨ ਕਰਕੇ ਮਾਇਨਿੰਗ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੁਣ ਸਰਕਾਰੀ ਰਿਫਾਰਮ,ਜਲ ਸਰੋਤ, ਵਿਗਿਆਨ ਤਕਨੀਕ ਅਤੇ ਵਾਤਾਵਰਣ ਅਤੇ ਖੇਡ ਮੰਤਰਾਲੇ ਦੀ ਜ਼ਿੰਮੇਵਾਰੀ ਹੈ । ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵੀ ਪਰਮੋਸ਼ਨ ਕੀਤਾ ਗਿਆ ਹੈ । ਉਨ੍ਹਾਂ ਨੂੰ ਹੋਸਪੀਟੈਲਟੀ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੁਣ ਸੈਰ-ਸਪਾਟਾ,ਨਿਵੇਸ਼,ਲੇਬਰ ਵਿਭਾਗ ਦੀ ਜ਼ਿੰਮੇਵਾਰੀ ਹੈ । ਕੈਬਨਿਟ ਵਿੱਚ ਸ਼ਾਮਲ ਬਲਬੀਰ ਸਿੰਘ ਨੂੰ ਸਿਹਤ ਵਿਭਾਗ ਦੇ ਨਾਲ ਮੈਡੀਕਲ ਸਿੱਖਿਆ ਅਤੇ ਰਿਸਰਚ ਦੇ ਨਾਲ ਚੋਣਾਂ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।