International Sports

ਆਸਟਰੇਲੀਆ ਪੁਲਿਸ ਨੇ ਸ੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਨੂੰ ਕੀਤਾ ਗ੍ਰਿਫ਼ਤਾਰ , ਜਾਣੋ ਸਾਰਾ ਮਾਮਲਾ

Australian police arrested Sri Lankan cricketer Danushka on the charge of rape

ਆਸਟਰੇਲੀਆ : ਸਿਡਨੀ ਪੁਲਿਸ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਓਪਨਰ ਦਾਨੁਸ਼ਕਾ ਗੁਣਾਤਿਲਕਾ  ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਉਹਨਾਂ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਤੋਂ ਬਾਅਦ ਹੋਈ ਹੈ। ਫਿਲਹਾਲ ਉਹ ਸਿਡਨੀ ‘ਚ ਹਨ, ਜਦਕਿ ਬਾਕੀ ਸ਼੍ਰੀਲੰਕਾਈ ਟੀਮ ਕੋਲੰਬੋ ਲਈ ਰਵਾਨਾ ਹੋ ਚੁੱਕੀ ਹੈ।

ਦਾਨੁਸ਼ਕਾ ‘ਤੇ 29 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਦਾਨੁਸ਼ਕਾ ਨੇ ਉਸ ਦੇ ਘਰ ‘ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਹ ਘਟਨਾ ਇਸ ਹਫਤੇ ਦੀ ਸ਼ੁਰੂਆਤ ਦੀ ਦੱਸੀ ਜਾ ਰਹੀ ਹੈ।

ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ‘ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਹੋਈ। ਦੋਸ਼ ਹੈ ਕਿ 2 ਨਵੰਬਰ 2022 ਦੀ ਸ਼ਾਮ ਨੂੰ ਦਾਨੁਸ਼ਕਾ ਨੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ।

ਇਸ ਤੋਂ ਬਾਅਦ ਪੁਲਿਸ ਨੇ ਬੀਤੇ ਦਿਨ ਔਰਤ ਦੀ ਰਿਹਾਇਸ਼ ‘ਰੋਜ਼ ਬੇ’ ’ਤੇ ਬੀਤੇ ਦਿਨ ਕ੍ਰਾਈਮ ਸੀਨ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ 31 ਸਾਲਾ ਦਾਨੁਸ਼ਕਾ ਨੂੰ ਸਿਡਨੀ ਦੇ ਸਸੇਕਸ ਸਟ੍ਰੀਟ ‘ਤੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਾਨੁਸ਼ਕਾ ਗੁਣਾਤਿਲਕਾ ਨੂੰ ਟੀਮ ਹੋਟਲ ਤੋਂ ਸਿੱਧਾ ਸਿਡਨੀ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸਦੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ।

ਦਾਨੁਸ਼ਕਾ ਗੁਣਾਤਿਲਕਾ ਟੀ-20 ਵਿਸ਼ਵ ਕੱਪ 2022 ਵਿੱਚ ਸ਼੍ਰੀਲੰਕਾ ਦੀ ਟੀਮ ਦਾ ਹਿੱਸਾ ਸੀ। ਹਾਲਾਂਕਿ ਇੱਥੇ ਉਹ ਸਿਰਫ਼ ਇੱਕ ਮੈਚ ਹੀ ਖੇਡ ਸਕਿਆ। ਉਹ ਨਾਮੀਬੀਆ ਖਿਲਾਫ਼ ਪਹਿਲੇ ਦੌਰ ਦੇ ਪਹਿਲੇ ਮੈਚ ‘ਚ ਉਤਰਿਆ ਸੀ। ਉਹ ਇਸ ਮੈਚ ਵਿੱਚ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਅਤੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਉਨ੍ਹਾਂ ਦੀ ਥਾਂ ਅਸ਼ੀਨ ਬਾਂਦਾਰਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਬਦਲੇ ਜਾਣ ਦੇ ਬਾਵਜੂਦ, ਗੁਣਾਤਿਲਕਾ ਆਸਟਰੇਲੀਆ ਵਿੱਚ ਹੀ ਟੀਮ ਨਾਲ ਜੁੜੇ ਹੋਏ ਸਨ।

ਦੱਸਣਯੋਗ ਹੈ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸ਼੍ਰੀਲੰਕਾ ਲਈ ਹੁਣ ਤੱਕ 100 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ। ਕੌਮਾਂਤਰੀ ਕ੍ਰਿਕਟ ਵਿੱਚ ਢਾਈ ਹਜ਼ਾਰ ਤੋਂ ਵੱਧ ਦੌੜਾਂ ਉਹਨਾਂ ਦੇ ਨਾਂ ਦਰਜ ਹਨ। ਗੁਣਾਤਿਲਕਾ ਨੇ ਨਵੰਬਰ 2015 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ 47 ਵਨਡੇ, 46 ਟੀ-20 ਅੰਤਰਰਾਸ਼ਟਰੀ ਅਤੇ 8 ਟੈਸਟ ਮੈਚਾਂ ਵਿੱਚ ਸ਼੍ਰੀਲੰਕਾ ਦੀ ਨੁਮਾਇੰਦਗੀ ਕੀਤੀ ਹੈ। ਉਹਨਾਂ ਨੇ ਵਨਡੇ ਵਿੱਚ ਦੋ ਸੈਂਕੜੇ ਵੀ ਲਾਏ ਹਨ।