ਲੰਦਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਅੰਗਾਂ ਦੀ ਨਿਲਾਮੀ ਕਰਵਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ। ਇਸ ਤੋਂ ਬਾਅਦ ਹੁਣ ਲੰਦਨ ਦੇ ਇਸ ਨਿਲਾਮੀ ਘਰ ਨੇ ਗੁਰੂ ਸਾਹਿਬ ਦੇ ਅੰਗਾਂ ਦੀ ਨਿਲਾਮੀ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਇਸ ਦੇ ਨਾਲ ਹੀ ਨਿਲਾਮੀ ਘਰ ਨੇ ਇਸ ਸਬੰਧੀ ਮੁਆਫ਼ੀ ਵੀ ਮੰਗੀ ਹੈ ਤੇ ਇਸ ਨਾਲ ਸਬੰਧਿਤ ਸਾਰੇ ਦਸਤਾਵੇਜ਼ ਹਟਾ ਦਿੱਤੇ ਗਏ ਹਨ। ਇਸ ਪਟੀਸ਼ਨ ’ਤੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਦਸਤਖ਼ਤ ਕੀਤੇ ਸਨ। ਨਿਲਾਮੀ ਘਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨਿਲਾਮ ਹੋਣ ਤੋਂ ਰੋਕ ਦਿੱਤਾ ਗਿਆ ਹੈ।
ਇਹ ਪਟੀਸ਼ਨ ਯੂਨਾਈਟਡ ਸਿੱਖਜ਼ ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਜਿੰਦਰ ਕੌਰ ਵੱਲੋਂ ਦਾਇਰ ਕਰਵਾਈ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਲੰਡਨ ਵਿੱਚ ਸਥਿਤ ਰੋਜ਼ਬਰੀਸ ਫਾਈਨ ਆਰਟ ਨਿਲਾਮੀ ਘਰ ਵੱਲੋਂ 19 ਜੂਨ 2024 ਨੂੰ ਸੰਨ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵੱਡ ਆਕਾਰੀ ਅੰਗ, ਅਤੇ ਅੰਗ ਨੰਬਰ 940 ਗੁਰਬਾਣੀ ਸਟੀਕ ਨਿਲਾਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 20ਵੀਂ ਸਦੀ ਦੇ ਇੱਕ ਛੋਟੇ ਸਰੂਪ ਦੇ 15 ਅੰਗ, ਜਨਮ ਸਾਖੀ ਤੇ ਗੁਰਬਾਣੀ ਨਾਲ ਜੁੜੇ ਹੋਰ ਦਸਤਾਵੇਜ਼ ਵੀ ਨਿਲਾਮ ਕੀਤੇ ਜਾ ਰਹੇ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ, ਗੁਰਬਾਣੀ ਦਾ ਹਰ ਸਿੱਖ ਦੇ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ। ਗੁਰਬਾਣੀ ਦੀ ਇਸ ਤਰ੍ਹਾਂ ਨਿਲਾਮੀ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਜਿਸ ਨੂੰ ਸਿੱਖ ਕੌਮ ਵੱਲੋਂ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਨਿਲਾਮੀ ਘਰ ਨੂੰ ਗੁਰਬਾਣੀ ਨਾਲ ਜੁੜੇ ਹਰ ਦਸਤਾਵੇਜ਼ ਦੀ ਨਿਲਾਮੀ ਤੁਰੰਤ ਰੁਕਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਗੁਰਬਾਣੀ ਤੇ ਬਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਮੰਗ ਵੀ ਕੀਤੀ ਗਈ ਸੀ।