‘ਦ ਖ਼ਾਲਸ ਬਿਊਰੋ : ਅਸਾਮ ਦੇ ਪੱਛਮੀ ਕਾਰਬੀ ਐਂਗਲੌਂਗ ਜ਼ਿਲ੍ਹੇ ’ਚ ਮੇਘਾਲਿਆ ਦੇ ਕੁਝ ਪਿੰਡ ਵਾਸੀਆਂ ਨੇ ਮੰਗਲਵਾਰ ਦੇਰ ਰਾਤ ਜੰਗਲਾਤ ਵਿਭਾਗ ਦਾ ਦਫ਼ਤਰ ਸਾੜ ਦਿੱਤਾ। ਅਸਾਮ ਅਤੇ ਮੇਘਾਲਿਆ ਸਰਹੱਦ ’ਤੇ ਮੁਕਰੋਹ ਪਿੰਡ ’ਚ ਮੰਗਲਵਾਰ ਨੂੰ ਵਾਪਰੀ ਹਿੰ ਸਾ ਦੀ ਘਟਨਾ ਮਗਰੋਂ ਭੀੜ ਨੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ। ਮੇਘਾਲਿਆ ਸਰਕਾਰ ਨੇ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਜਦਕਿ ਅਸਾਮ ਪੁਲੀਸ ਨੇ ਸਰਹੱਦੀ ਜ਼ਿਲ੍ਹਿਆਂ ’ਚ ਅਲਰਟ ਐਲਾਨਿਆ ਹੈ। ਅਸਾਮ ਸਰਕਾਰ ਨੇ ਹਿੰਸਾ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਾਉਣ ਦੇ ਹੁਕਮ ਦਿੱਤੇ ਹਨ। ਮੇਘਾਲਿਆ ਅਤੇ ਅਸਾਮ ਸਰਕਾਰਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਕੀ ਹਨ ਮੁਕਰੋਹ ‘ਚ ਹਾਲਾਤ ?
- ਮੁਕਰੋਹ ’ਚ ਭਾਵੇਂ ਹਾਲਾਤ ਸ਼ਾਂਤ ਹਨ ਪਰ ਤਣਾਅ ਬਣਿਆ ਹੋਇਆ ਹੈ।
- ਪਿੰਡ ’ਚ ਦੁਕਾਨਾਂ ਬੰਦ ਰਹੀਆਂ।
- ਲੋਕ ਘਰਾਂ ਅੰਦਰ ਹੀ ਰਹੇ।
- ਸੁਰੱਖਿਆ ਬਲਾਂ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਜੰਗਲਾਤ ਦਫ਼ਤਰ ’ਤੇ ਤਾਇਨਾਤ ਮੁਲਾਜ਼ਮਾਂ ਦਾ ਬਚਾਅ ਰਿਹਾ। ਅਸਾਮ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਉਥੋਂ ਫਰਾਰ ਹੋ ਚੁੱਕੇ ਸਨ। ਖਾਸੀ ਸਟੂਡੈਂਟਸ ਯੂਨੀਅਨ ਨੇ ਜੰਗਲਾਤ ਦਫ਼ਤਰ ਅਤੇ ਮੁਕਰੋਹ ’ਚ ਸਰਕਾਰੀ ਵਾਹਨ ਨੂੰ ਅੱਗ ਹਵਾਲੇ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੇਘਾਲਿਆ ਦੀ ਐੱਮਡੀਏ ਸਰਕਾਰ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ’ਚ ਨਾਕਾਮ ਰਹੀ ਹੈ। ਯੂਨੀਅਨ ਦੇ ਮੈਂਬਰਾਂ ਨੇ ਲਾਲੌਂਗ ਸਿਵਲ ਹਸਪਤਾਲ ’ਚ ਪ੍ਰਦਰਸ਼ਨ ਕੀਤਾ, ਜਿੱਥੇ ਮਾਰੇ ਗਏ ਛੇ ਲੋਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਲਿਆਂਦੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਹੱਤਿਆਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮੇਘਾਲਿਆ ਪੁਲਿਸ ਹਵਾਲੇ ਕੀਤਾ ਜਾਵੇ। ਅਸਾਮ ਪੁਲੀਸ ਨੇ ਬੈਰੀਕੇਡ ਲਗਾਉਂਦਿਆਂ ਕਾਰ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਗੁਆਂਢੀ ਸੂਬੇ ’ਚ ਜਾਣ ਤੋਂ ਗੁਰੇਜ਼ ਕਰਨ।
ਆਸਾਮ-ਮੇਘਾਲਿਆ ਸਰਹੱਦ ’ਤੇ ਹਿੰਸਾ ਲਈ ਆਸਾਮ ਪੁਲਿਸ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਪੁਲੀਸ ਨੇ ਬਿਨਾਂ ਭੜਕਾਹਟ, ਬੇਕਾਬੂ ਅਤੇ ਪੱਖਪਾਤੀ ਢੰਗ ਨਾਲ ਆਪਣੀ ਤਾਕਤ ਦੀ ਵਰਤੋਂ ਕੀਤੀ ਹੈ। ਸਰਮਾ ਨੇ ਕਿਹਾ ਕਿ ਅੰਤਰ ਸੂਬਾਈ ਸਰਹੱਦ ’ਤੇ ਹਾਲਾਤ ਸ਼ਾਂਤਮਈ ਹਨ ਅਤੇ ਝੜਪਾਂ ਸਥਾਨਕ ਲੋਕਾਂ ਤੇ ਜੰਗਲਾਤ ਵਿਭਾਗ ਦੇ ਗਾਰਡਾਂ ਵਿਚਕਾਰ ਹੋਈਆਂ ਹਨ। ਕੌਮੀ ਰਾਜਧਾਨੀ ’ਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਨੂੰ ਗੋਲੀਆਂ ਚਲਾਉਣ ਦੀ ਲੋੜ ਨਹੀਂ ਸੀ ਅਤੇ ਉਹ ਜ਼ਾਬਤੇ ’ਚ ਰਹਿ ਕੇ ਕਾਰਵਾਈ ਕਰ ਸਕਦੀ ਸੀ। ਉਂਜ ਪੁਲੀਸ ਨੇ ਕਿਹਾ ਹੈ ਕਿ ਉਸ ਨੇ ਬਚਾਅ ਲਈ ਤਾਕਤ ਦੀ ਵਰਤੋਂ ਕੀਤੀ ਹੈ।