‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਪ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸੁਪਰ ਵੋਲਵੋ ਨੂੰ ਦਿੱਲੀ ਏਅਰਪੋਰਟ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਕੱਤਰ ਟਰਾਂਸਪੋਰਟ ਨੇ ਭਵਿੱਖ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਜਾਰੀ ਨੋਟੀਫਿਕੇਸ਼ਨ ਵਿੱਚ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਜਿਹੜੀ ਵੀ ਬੱਸ ਦਿੱਲੀ ਏਅਰਪੋਰਟ ਉੱਤੇ ਭੇਜੀ ਜਾਵੇ, ਉਸਦਾ ਟਾਈਮ ਫਲਾਈਟ ਦੇ ਸਮੇਂ ਨਾਲ ਮੇਲ ਖਾਂਦਾ ਹੋਵੇ ਅਤੇ ਬੱਸ ਤਕਨੀਕੀ ਪੱਖੋਂ ਬਿਲਕੁਲ ਠੀਕ ਹੋਵੇ। ਇਸ ਸਬੰਧੀ ਪਹਿਲਾਂ ਬੱਸ ਦਾ ਰੋਡ ਟੈਸਟ ਵੀ ਲੈਣ ਲਈ ਕਿਹਾ ਗਿਆ ਹੈ। ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਏਅਰਪੋਰਟ ਉੱਤੇ ਜਾਣ ਵਾਲੀਆਂ ਬੱਸਾਂ ਦੀ ਦਿੱਖ ਅੰਦਰੋਂ ਅਤੇ ਬਾਹਰੋਂ ਠੀਕ ਹੋਵੇ। ਬੱਸਾਂ ਦੀ ਸਾਫ਼ ਸਫ਼ਾਈ ਵਧੀਆ ਤਰੀਕੇ ਨਾਲ ਕੀਤੀ ਹੋਵੇ ਅਤੇ ਯਾਤਰੀਆਂ ਲਈ ਪਾਣੀ ਆਦਿ ਉਚਿਤ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਸਕੱਤਰ ਟਰਾਂਸਪੋਰਟ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਤੱਕ ਬੱਸ ਸੇਵਾ ਉਪਲੱਬਧ ਕਰਵਾਉਣ ਦੀ ਸੂਰਤ ਵਿੱਚ ਕਿਰਾਇਆ ਸਟੇਜ ਕੈਰਿਜ ਮੁਤਾਬਕ ਲੈਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਡਿਪੂ ਵਿੱਚ ਮੌਜੂਦ ਵੋਲਵੋ ਬੱਸਾਂ ਦਾ ਨਿਰੀਖਣ ਕਰਨ ਦੀ ਹਦਾਇਤ ਦਿੱਤੀ ਹੈ ਕਿ ਬੱਸਾਂ ਤਕਨੀਕੀ ਪੱਖੋਂ ਬਿਲਕੁਲ ਠੀਕ ਹਨ ਅਤੇ ਏਅਰਪੋਰਟ ਉੱਤੇ ਜਾਣ ਵਾਲੀਆਂ ਬੱਸਾਂ ਦੀ ਦਿੱਖ ਅੰਦਰੋਂ ਅਤੇ ਬਾਹਰੋਂ ਠੀਕ ਹੈ। ਇਸ ਸਬੰਧੀ ਡਿਪੂਆਂ ਨੂੰ ਆਪਣਾ ਸਰਟੀਫਿਕੇਟ 25 ਮਈ ਤੱਕ ਟਰਾਂਸਪੋਰਟ ਦਫ਼ਤਰ ਵਿੱਚ ਭੇਜਣ ਲਈ ਕਿਹਾ ਗਿਆ ਹੈ।
ਕਰੋੜਾਂ ਰੁਪਏ ਖ਼ਰਚ ਕਰਕੇ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ ਸਰਵਿਸ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਸੀ। ਏਅਰਪੋਰਟ ਉੱਤੇ ਜਾਣ ਵਾਲੇ ਯਾਤਰੀਆਂ ਨੂੰ ਤਿੰਨ ਗੁਣਾ ਕਿਰਾਇਆ ਖਰਚ ਕਰਕੇ ਪ੍ਰਾਈਵੇਟ ਬੱਸਾਂ ਜ਼ਰੀਏ ਸਫ਼ਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਪੰਜਾਬ ਦੀਆਂ ਬੱਸਾਂ ਦੇ ਦਿੱਲੀ ਏਅਰਪੋਰਟ ਤੱਕ ਜਾਣ ਨਾਲ ਦਿੱਲੀ ਸਰਕਾਰ ਨੂੰ ਵੀ ਫਾਇਦਾ ਹੈ ਕਿਉਂਕਿ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ।
ਵਿਭਾਗ ਨੇ ਸ਼ੁਰੂਆਤੀ ਯੋਜਨਾ ਵਿੱਚ 20 ਤੋਂ ਵੱਧ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਟ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਸੂਬੇ ਦਾ ਕੋਈ ਵੀ ਹਿੱਸਾ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ। ਪੰਜਾਬ ਦੀਆਂ ਵੋਲਵੋ ਬੱਸਾਂ ਦਾ ਕਿਰਾਇਆ 1000 ਰੁਪਏ ਦੇ ਲਗਭਗ ਹੈ ਜਦਕਿ ਪ੍ਰਾਈਵੇਟ ਬੱਸਾਂ ਵਿੱਚ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਲਈ 3000 ਹਜ਼ਾਰ ਰੁਪਏ ਤੱਕ ਅਦਾ ਕਰਨੇ ਪੈਂਦੇ ਹਨ, ਜੋ ਕਿ ਪੰਜਾਬ ਦੀਆਂ ਬੱਸਾਂ ਦੇ ਕਿਰਾਏ ਤੋਂ ਤਿੰਨ ਗੁਣਾ ਜ਼ਿਆਦਾ ਹੈ।