Punjab

ਮਾਲ ਗੱਡੀਆਂ ਤੋਂ ਬਾਅਦ ਨਹਿਰੀ ਬੰਦੀ ਕਾਰਨ ਕਿਸਾਨਾਂ ਲਈ ਖੜ੍ਹੀ ਹੋਈ ਇੱਕ ਹੋਰ ਮੁਸ਼ਕਿਲ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਕਾਰਨ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ, ਜਿਸ ਕਰਕੇ ਸੂਬੇ ’ਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਬਣਿਆ ਹੋਇਆ ਹੈ। ਕਿਸੇ ਵੀ ਵੇਲੇ ਪੂਰਾ ਪੰਜਾਬ ਹਨੇਰੇ ’ਚ ਡੁੱਬ ਸਕਦਾ ਹੈ। ਇਸ ਸੰਕਟ ਨਾਲ ਅੰਨਦਾਤੇ ਦੀਆਂ ਸਮੱਸਿਆਵਾਂ ’ਚ ਵਾਧਾ ਹੋ ਸਕਦਾ ਹੈ।

ਉੱਥੇ ਹੀ ਪਿਛਲੇ ਕਈ ਦਿਨਾਂ ਤੋਂ ਨਹਿਰੀ ਬੰਦੀ ਚੱਲ ਰਹੀ ਹੈ, ਜਿਸ ਨਾਲ ਖੇਤਾਂ ਨੂੰ ਨਹਿਰੀ ਪਾਣੀ ਵੀ ਨਹੀਂ ਮਿਲ ਸਕੇਗਾ। ਟੱਲੇਵਾਲ ਖ਼ੇਤਰ ਦੇ ਪਿੰਡਾਂ ਤੋਂ ਲੰਘ ਰਹੀ ਬਠਿੰਡਾ ਬ੍ਰਾਂਚ ਦੀ ਨਹਿਰ ਕਈ ਦਿਨਾਂ ਤੋਂ ਬੰਦ ਪਈ ਹੈ। ਇਸ ਸਬੰਧੀ ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਖੇਤੀ ਸੈਕਟਰ ਲਈ ਭਾਵੇਂ ਅਜੇ ਪਾਣੀ ਦੀ ਬਹੁਤੀ ਲੋੜ ਨਹੀਂ ਹੈ, ਪਰ 20 ਦਿਨਾਂ ਤੱਕ ਕਣਕ ਦੀ ਫ਼ਸਲ ਨੂੰ ਪਾਣੀ ਲੱਗਣਾ ਸ਼ੁਰੂ ਹੋ ਜਾਵੇਗਾ।

ਜੇਕਰ ਉਸ ਵੇਲੇ ਕੋਲਾ ਪੰਜਾਬ ’ਚ ਨਾ ਪਹੁੰਚਿਆ ਤਾਂ ਖੇਤੀ ਲਈ ਵੱਡਾ ਸੰਕਟ ਹੋਵੇਗਾ, ਜਿਸ ਕਰਕੇ ਨਹਿਰੀ ਬੰਦੀ ਖ਼ਤਮ ਕਰਕੇ ਪਾਣੀ ਛੱਡਿਆ ਜਾਣਾ ਚਾਹੀਦਾ ਹੈ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਰੇਲ ਲਾਈਨਾਂ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਹੀਂ ਭੇਜ ਰਹੀ। ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਅਤੇ ਸੂਬੇ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

ਬਿਜਲੀ ਸੰਕਟ ਕਾਰਨ ਪਾਵਰਕਾਮ ਵੱਲੋਂ ਸ਼ਹਿਰੀ ਫ਼ੀਡਰ ਦੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਅਜਿਹੇ ਹਾਲਾਤਾਂ ਵਿੱਚ ਖੇਤੀ ਸੈਕਟਰ ਲਈ ਬਿਜਲੀ ਦੇਣਾ ਵੱਡੀ ਚੁਣੌਤੀ ਬਣ ਸਕਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕਣਕ ਸਮੇਤ ਹੋਰਨਾਂ ਫ਼ਸਲਾਂ ਨੂੰ ਪਾਣੀ ਲਗਾਉਣ ਦੀ ਮੁਸ਼ਕਿਲ ਪੈਦਾ ਹੋ ਜਾਵੇਗੀ।