International Technology

Black ਨਹੀਂ ਹੁੰਦਾ ਹੈ ਹਵਾਈ ਜਹਾਜ ਦਾ “Black Box”, ਕਿਉਂ ਹੁੰਦਾ ਹੈ ਅਹਿਮ,ਆਉ ਜਾਣੀਏ

‘ਦ ਖਾਲਸ ਬਿਊਰੋ (ਗੁਲਜਿੰਦਰ ਕੌਰ) : ਪਿਛਲੇ ਦਿਨੀਂ ਨੇਪਾਲ ਵਿੱਚ ਹਵਾਈ ਜਹਾਜ ਨੂੰ ਪੇਸ਼ ਆਏ ਹਾਦਸੇ ਦੇ ਕਾਰਨਾਂ ਦਾ ਹਾਲੇ ਵੀ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਹੁਣ ਬਲੈਕ ਬਾਕਸ ਦੇ ਬਰਾਮਦ ਹੋਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਲਦੀ ਕਾਰਨਾਂ ਦਾ ਪਤਾ ਲੱਗ ਜਾਵੇਗਾ। ਹਾਦਸੇ ਵਾਲੀ ਥਾਂ ਤੋਂ ਬਲੈਕ ਬਾਕਸ ਸੋਮਵਾਰ ਨੂੰ ਮਿਲਿਆ ਹੈ । ਜਿਸ ਨਾਲ ਹੁਣ ਹਵਾਈ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ।

ਹੁਣ ਗੱਲ ਕਰਦੇ ਹਾਂ ਬਲੈਕ ਬਾਕਸ ਦੀ ਤੇ ਜਾਣਦੇ ਹਾਂ ਕਿ ਇਹ ਹੁੰਦਾ ਕੀ ਹੈ ?

ਬਲੈਕ ਬਾਕਸ ਇੱਕ ਇਲੈਕਟ੍ਰਾਨਿਕ ਉਪਕਰਨ ਹੁੰਦਾ ਹੈ। ਇਹ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਲਗਾ ਹੁੰਦਾ ਹੈ। ਹਾਦਸੇ ਦੀ ਸਥਿਤੀ ਵਿੱਚ ਇਹ ਬਹੁਤ ਮਹੱਤਵਪੂਰਨ ਸਾਬਤ  ਹੁੰਦਾ ਹੈ। ਭਾਵੇਂ ਇਸ ਨੂੰ ਬਲੈਕ ਬਾਕਸ ਦਾ ਨਾਂ ਦਿਤਾ ਜਾਂਦਾ ਹੈ ਪਰ ਅਸਲ ਵਿੱਚ ਇਹ ਗੁੜੇ ਸੰਤਰੀ ਰੰਗ ਦਾ ਬਣਾਇਆ ਜਾਂਦਾ ਹੈ ਤਾਂ ਜੋ ਹਾਦਸਾ ਹੋਣ ਦੀ ਸਥਿਤੀ ਵਿੱਚ ਝਾੜੀਆਂ ਜਾ ਫਿਰ ਧੂੜ ਮਿੱਟੀ ਵਿੱਚ ਡਿੱਗਣ ਤੋਂ ਬਾਅਦ ਇਹ ਦੂਰ ਤੋਂ ਦਿੱਖ ਜਾਵੇ।

ਜਹਾਜ਼ ਵਿੱਚ ਇਹ ਪਿਛਲੇ ਹਿੱਸੇ ਵਿੱਚ ਲੱਗਾ ਹੁੰਦਾ ਹੈ। ਇਸ ਨੂੰ ਪਿਛਲੇ ਹਿੱਸੇ ਵਿੱਚ ਇਸ ਲਈ ਲਗਾਇਆ ਜਾਂਦਾ ਹੈ ਤਾਂ ਕਿ ਇਹ ਘਟਨਾਂ ਤੋਂ ਬਾਅਦ ਸਭ ਤੋਂ ਘੱਟ ਨੁਕਸਾਨ ਹੋਣ ਵਾਲਾ ਹਿੱਸਾ ਹੁੰਦਾ ਹੈ।
ਇਹ ਦਸਦਾ ਹੈ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਕਿਸ ਸਥਿਤੀ ਵਿੱਚ ਸੀ, ਜਹਾਜ਼ ਦੇ ਕਿਸ ਹਿੱਸੇ ਦਾ ਕੀ ਸੰਕੇਤ ਸੀ? ਕੀ ਹਾਦਸਾ ਅਚਾਨਕ ਹੋਈ ਕਿਸੇ ਗੜਬੜੀ ਕਾਰਨ ਹੋਇਆ ਹੈ? ਇਸ ਤੋਂ ਪਤਾ ਲੱਗੇਗਾ ਕਿ ਘਟਨਾ ਲਈ ਬਾਹਰੀ ਕਾਰਨ ਜ਼ਿੰਮੇਵਾਰ ਸਨ ਜਾਂ ਅੰਦਰੂਨੀ ਕਾਰਨ ?

ਬਲੈਕ ਬਾਕਸ ਵਿੱਚ ਫਲਾਇਟ ਦਾ ਡਾਟਾ ਰਿਕਾਰਡ ਅਤੇ ਕਾਕਪਿਟ ਵਾਇਸ ਰਿਕਾਰਡਰ ਦੋਵੇਂ ਹੁੰਦੇ ਹਨ। ਅਜਿਹੇ ਵਿੱਚ ਇਹ ਜਾਂਚ ਲਈ ਕਾਫ਼ੀ ਅਹਿਮ ਹੁੰਦਾ ਹੈ।ਆਮ ਤੌਰ ’ਤੇ ਬਲੈਕ ਬਾਕਸ ਦੇ ਦੋ ਹਿੱਸੇ ਹੁੰਦੇ ਹਨ- ਫਲਾਇਟ ਡਾਟਾ ਰਿਕਾਰਡ ਅਤੇ ਕਾਕਪਿਟ ਵਾਇਸ ਰਿਕਾਰਡਰ। ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰੇਕ ਜਹਾਜ਼ ਵਿੱਚ ਇਹ ਦੋਵੇਂ ਹਿੱਸੇ ਹੋਣ।ਬਲੈਕ ਬਾਕਸ ਬਣਿਆ ਹੀ ਇਸ ਤਰਾਂ ਹੁੰਦਾ ਹੈ ਕਿ ਵੱਧ ਤਾਪਮਾਨ ਅਤੇ ਗਹਿਰੇ ਪਾਣੀ ਅੰਦਰ ਵੀ ਨਸ਼ਟ ਨਾ ਹੋ ਸਕੇ।

ਬਲੈਕ ਬਾਕਸ ਵਿੱਚੋਂ ਆਵਾਜ਼ ਅਤੇ ਤਰੰਗਾਂ ਨਿਕਲਦੀਆਂ ਰਹਿੰਦੀਆਂ ਹਨ, ਜਿਸ ਨਾਲ ਇਸ ਨੂੰ ਡੂੰਘੇ ਪਾਣੀ ਵਿੱਚ ਵੀ ਲੱਭਿਆ ਜਾ ਸਕੇ।ਇਸ ਦਾ ਅਸਲ ਕੰਮ ਉਡਾਣ ਦੌਰਾਨ ਜਹਾਜ਼ ਦੀ ਸਾਰੀ ਤਕਨੀਕੀ ਗਤੀਵਿਧੀਆਂ ਨੂੰ ਰਿਕਾਰਡ ਕਰਨਾ ਹੁੰਦਾ ਹੈ।

ਇਸ ਵਿੱਚ ਜਹਾਜ਼ ਦੇ ਉਪਕਰਨਾਂ ਦੀ ਸਥਿਤੀ, ਉਚਾਈ, ਦਿਸ਼ਾ, ਤਾਪਮਾਨ, ਗਤੀ, ਇੰਧਨ ਦੀ ਮਾਤਰਾ, ਆਟੋ ਪਾਇਲਟ ਦੀ ਸਥਿਤੀ ਸਮੇਤ ਹੋਰ ਜਾਣਕਾਰੀ ਰਿਕਾਰਡ ਹੁੰਦੀ ਹੈ। ਇਸ ਵਿੱਚ ਕਰੀਬ 25 ਘੰਟਿਆਂ ਦੀ ਰਿਕਾਰਡਿੰਗ ਹੋ ਸਕਦੀ ਹੈ। ਇਸ ਡਿਵਾਇਸ ਵਿੱਚ 4 ਚੈਨਲ ਹੁੰਦੇ ਹਨ ਜੋ ਚਾਰ ਥਾਵਾਂ ਤੋਂ ਆਵਾਜ਼ ਰਿਕਾਰਡ ਕਰਦੇ ਹਨ।
ਮਾਹਿਰ ਇਸ ਬਲੈਕ ਬਾਕਸ ਦੀ ਜਾਂਚ ਕਰਨ ਸਮੇਂ ਇਸ ਵਿੱਚ ਹਾਦਸੇ ਵੇਲੇ ਕਾਕਪੀਟ ਵਿੱਚ ਹੋਈ ਗੱਲਬਾਤ ਤੇ ਹੋਰ ਜਾਣਕਾਰੀਆਂ ਇਕੱਠੀਆਂ ਕਰ ਕੇ ਕਿਸੇ ਠੋਸ ਨਤੀਜੇ ‘ਤੇ ਪਹੁੰਚਦੇ ਹਨ।