ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਭੁੱਲਰ ਐਨਕਲੇਵ ਵਿੱਚ ਕਾਉਂਟਰ ਇੰਟੈਲੀਜੈਂਸ ਦੇ ਇੰਸਪੈਕਟਰ ‘ਤੇ ਗੋਲੀਆਂ ਚੱਲਾ ਦਿੱਤੀਆਂ ਗਈਆਂ ਹਨ । ਬੁਲੇਟ ਪਰੂਫ ਜੈਕੇਟ ਪਾਉਣ ਦੀ ਵਜ੍ਹਾ ਕਰਕੇ ਇੰਸਪੈਕਟਰ ਦੀ ਜਾਨ ਬਚ ਗਈ ਹੈ । ਮੁਲਜ਼ਮਾਂ ਵੱਲੋਂ ਮੌਕੇ ‘ਤੇ ਤਕਰੀਬਨ 4 ਗੋਲੀਆਂ ਚਲਾਇਆ ਗਈਆਂ । ਇਸ ਘਟਨਾ ਦੇ ਬਾਅਦ ਮੌਕੇ ‘ਤੇ ਜਾਂਚ ਦੇ ਲਈ ਥਾਣਾ ਸਦਰ ਦੀ ਪੁਲਿਸ ਪਹੁੰਚੀ । ਜਾਣਕਾਰੀ ਦੇ ਮੁਤਾਬਿਕ ਇੰਸਪੈਕਟਰ ਫਿਰੋਜ਼ਪੁਰ ਕਾਉਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਸੀ ।
ਕਾਲੋਨੀ ਵਿੱਚ ਸੈਰ ਕਰਦੇ ਵਕਤ ਹੋਈ ਵਾਰਦਾਤ
ਵਾਰਦਾਤ ਵਿੱਚ ਇੰਸਪੈਕਟਰ ਪਰਮਜੀਤ ਸਿੰਘ ਨੂੰ ਸੱਟ ਲੱਗੀ ਹੈ ਇਲਾਜ ਦੇ ਲਈ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਘਟਨਾ ਸਵੇਰ ਦੀ ਹੈ । ਇੰਸਪੈਕਟਰ ਆਪਣੇ ਘਰ ਤੋਂ ਸੈਰ ਕਰਨ ਦੇ ਲਈ ਨਿਕਲਿਆ ਸੀ । ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚੱਲਾ ਦਿੱਤੀਆਂ । ਪੀੜ੍ਹਤ ਇੰਸਪੈਕਟਰ ਦਾ ਘਰ ਵੀ ਅੰਮ੍ਰਿਤਸਰ ਦੇ ਭੁੱਲਰ ਐਨਕਲੇਵ ਵਿੱਚ ਹੀ ਹੈ ।
ਕਾਫੀ ਸਮੇਂ ਤੋਂ ਮਿਲ ਰਹੀ ਸੀ ਧਮਕੀ
ਵਾਰਦਾਤ ਦੇ ਵਕਤ ਇੰਸਪੈਕਟਰ ਕਾਲੋਨੀ ਦੀ ਸੜਕ ‘ਤੇ ਇਕੱਲੇ ਹੀ ਸਨ । ਫਿਲਹਾਲ ਅੰਮ੍ਰਿਤਸਰ ਪੁਲਿਸ ਇਸ ਮਾਮਲੇ ਵਿੱਚ ਚੁੱਪ ਹੈ । ਸੂਤਰਾਂ ਦੇ ਮੁਤਾਬਿਕ ਪਰਮਜੀਤ ਸਿੰਘ ਨੂੰ ਪਿਛਲੇ ਕਾਫੀ ਦਿਨਾਂ ਤੋਂ ਧਮਕੀ ਦੀਆਂ ਕਾਲ ਆ ਰਹੀਆਂ ਸਨ। ਇਸ ਨੂੰ ਲੈਕੇ ਪੰਜਾਬ ਪੁਲਿਸ ਦੀਆਂ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਸਨ । ਧਮਕੀਆਂ ਮਿਲਣ ਦੇ ਬਾਅਦ ਉਨ੍ਹਾਂ ਨੂੰ ਬੁਲੇਟ ਪਰੂਫ ਜੈਕਟ ਦਿੱਤੀ ਗਈ ਸੀ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਜਾਨ ਬਚ ਸਕੀ ਹੈ। ਪਰ ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਇੰਸਪੈਕਟਰ ਨੂੰ ਧਮਕੀ ਦੇਣ ਵਾਲਾ ਕੌਣ ਸੀ । ਕੀ ਕਿਸੇ ਗੈਂਗਸਟਰ ਗੈਂਗ ਵੱਲੋਂ ਉਨ੍ਹਾਂ ਨੂੰ ਧਮਕੀ ਮਿਲ ਰਹੀ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਵਜ੍ਹਾ ਸੀ ।