International Punjab

ਦੁਨੀਆ ਦੀ ਮਸ਼ਹੂਰ ਸਿੱਖ ਲੇਖਿਕਾ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਦਿਵਾਲੀ ਸੱਦਾ ਠੁਕਰਾਇਆ !

ਬਿਉਰੋ ਰਿਪੋਰਟ : ਕੈਨੇਡਾ ਦੀ ਮੰਨੀ-ਪਰਮੰਨੀ ਸਿੱਖ ਲੇਖਿਕਾ ਅਤੇ “writer of the decade” ਯਾਨੀ ਦਹਾਕੇ ਦੀ ਸਭ ਤੋਂ ਮਸ਼ਹੂਰ ਲਿਖਾਰੀ ਨਾਲ ਮਸ਼ਹੂਰ ਰੂਪੀ ਕੌਰ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਦੀਵਾਲੀ ਜਸ਼ਨ ਦਾ ਸੱਦਾ ਠੁਕਰਾ ਦਿੱਤਾ ਹੈ । “Milk and Honey” ਕਿਤਾਬ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ 31 ਸਾਲਾ ਲੇਖਿਕਾ ਰੂਪੀ ਕੌਰ ਨੇ ਇਸ ਦੇ ਪਿੱਛੇ ਵਜ੍ਹਾ ਗਾਜ਼ਾ ਦੇ ਹਾਲਾਤ ਨੂੰ ਲੈ ਕੇ ਅਮਰੀਕੀ ਸਰਕਾਰ ਦੇ ਸਟੈਂਡ ਨੂੰ ਵਜ੍ਹਾ ਦੱਸਿਆ ਹੈ । ਇਸ ਸਾਲ ਦੇ ਸ਼ੁਰੂਆਤ ਵਿੱਚ ਭਾਰਤ ਸਰਕਾਰ ਨੇ ਖ਼ਾਲਿਸਤਾਨ ਦੇ ਮਸਲੇ ‘ਤੇ ਉਨ੍ਹਾਂ ‘X’ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਸੀ ।

ਰੂਪੀ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘x’ ‘ਤੇ ਲਿਖਿਆ ‘ਮੈਂ ਇੱਕ ਅਜਿਹੀ ਸੰਸਥਾ ਦੇ ਕਿਸੇ ਵੀ ਸੱਦੇ ਨੂੰ ਸਵੀਕਾਰ ਨਹੀਂ ਕਰਦੀ ਹਾਂ ਜੋ ਇੱਕ ਮੁਸ਼ਕਿਲ ਵਿੱਚ ਫਸੇ ਨਾਗਰਿਕ ਆਬਾਦੀ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰਦੀ ਹੈ, ਜਿਸ ਵਿੱਚ 50 ਫ਼ੀਸਦੀ ਬੱਚੇ ਸ਼ਾਮਲ ਹਨ।’

ਰੂਪੀ ਕੌਰ ਨੇ ਕਿਹਾ ਮੈਂ ਹੈਰਾਨ ਹਾਂ ਅਮਰੀਕੀ ਪ੍ਰਸ਼ਾਸਨ ਨੂੰ ਦੀਵਾਲੀ ਮਨਾਉਣਾ ਕਿਵੇਂ ਮਨਜ਼ੂਰ ਹੋ ਸਕਦਾ ਹੈ । ਜਦੋਂ ਕਿ ਉਨ੍ਹਾਂ ਦੇ ਹਮਾਇਤੀ ਫ਼ਲਸਤੀਨ ‘ਤੇ ਜ਼ੁਲਮ ਕਰ ਰਹੇ ਹਨ । ਇਸ ਦੌਰਾਨ ਸਾਡੇ ਲਈ ਇਸ ਪਵਿੱਤਰ ਤਿਉਹਾਰ ਦਾ ਕੀ ਮਕਸਦ ਹੋ ਸਕਦਾ ਹੈ’ ।

ਰੂਪੀ ਕੌਰ ਨੇ ਕਿਹਾ ਸਿੱਖਾਂ ਵਿੱਚ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਮੁਗ਼ਲਾਂ ਦੇ ਸ਼ਾਸਨ ਤੋਂ ਅਜ਼ਾਦ ਕਰਵਾ ਕੇ ਲੈ ਕੇ ਆਏ ਸਨ । ਮੈਂ ਇਸ ਦਿਹਾੜੇ ਨੂੰ ਹਮੇਸ਼ਾ ਜ਼ੁਲਮ ਦੇ ਖ਼ਿਲਾਫ਼ ਅਜ਼ਾਦੀ ਦੇ ਰੂਪ ਵਿੱਚ ਮਨਾਇਆ ਹੈ । ਅੱਜ ਅਮਰੀਕਾ ਦੀ ਸਰਕਾਰ ਨਾ ਸਿਰਫ਼ ਬੰਬ ਸੁੱਟਣ ਵਾਲੇ ਇਜ਼ਰਾਈਲ ਨੂੰ ਫੰਡਿੰਗ ਕਰ ਰਹੀ ਹੈ ਬਲਕਿ ਉਹ ਫ਼ਲਸਤੀਨ ਦੀ ਧਰਤੀ ‘ਤੇ ਹੋ ਰਹੀ ਨਸਲਕੁਸ਼ੀ ਨੂੰ ਜਾਇਜ਼ ਵੀ ਠਹਿਰਾ ਰਹੇ ਹਨ । ਰੂਪੀ ਕੌਰ ਨੇ ਕਿਹਾ ਇਸ ਦੇ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਖ਼ਿਲਾਫ਼ ਇੱਕ ਪਟੀਸ਼ਨ ‘ਤੇ ਹਸਤਾਖ਼ਰ ਕਰਕੇ ਸੀਜ਼ ਫਾਇਰ ਦਾ ਐਲਾਨ ਕਰਨਾ ਚਾਹੀਦਾ ਹੈ ।

4 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਨਾਲ ਕੈਨੇਡਾ ਆਈ ਰੂਪੀ ਕੌਰ ਨੇ ਕਿਹਾ ਸਾਨੂੰ ਉਸ ਫ਼ੋਟੋ ਫਰੇਮ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਹੈ ਜਿੱਥੇ ਦੀ ਸਰਕਾਰ ਗੈਰ ਮਨੁੱਖੀ ਵਤੀਰੇ ਵਿੱਚ ਸ਼ਾਮਲ ਹੋਵੇ । ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਹਮੇਸ਼ਾ ਇਨਸਾਫ਼ ਦੇ ਲਈ ਆਵਾਜ਼ ਬੁਲੰਦ ਕਰੀਏ । ਅਮਰੀਕਾ ਵਿੱਚ ਦੀਵਾਲੀ ਦਾ ਪ੍ਰੋਗਰਾਮ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਬੰਧ ਕੀਤਾ ਹੈ ।

“Milk and Honey” ਦੀ ਲੇਖਿਕਾ ਨੇ ਕਿਹਾ ਗਾਜ਼ਾ ਦੇ ਸਿਹਤ ਮੰਤਰੀ ਨੇ ਦੱਸਿਆ ਹੈ ਕਿ ਕਿਵੇਂ ਫ਼ਲਸਤੀਨ ਵਿੱਚ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋਈ ਗਈ ਹੈ ਜਿਸ ਵਿੱਚ 4,104 ਬੱਚੇ ਹਨ । ਇਸ ਸਭ ਦੇ ਬਾਵਜੂਦ ਸੀਜ਼ਫਾਇਰ ਬਾਰੇ ਨਹੀਂ ਸੋਚਿਆ ਜਾ ਰਿਹਾ ਹੈ । ਉਨ੍ਹਾਂ ਕਿਹਾ UNO ਦੀ ਰਿਪੋਰਟ ਦੇ ਮੁਤਾਬਿਕ ਗਾਜ਼ਾ ਦੇ 35 ਹਸਪਤਾਲਾਂ ਵਿੱਚੋਂ 16 ਵਿੱਚ ਤੇਲ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦਾ ਆਪ੍ਰੇਸ਼ਨ ਸਸਪੈਂਡ ਕਰ ਦਿੱਤਾ ਗਿਆ ਹੈ । ਗਾਜ਼ਾ ਦੀ ਤਕਰੀਬਨ 15 ਲੱਖ ਜਨਤਾ ਮਾਰੀ-ਮਾਰੀ ਫਿਰ ਰਹੀ ਹੈ ਜੋ ਕੁੱਲ ਅਬਾਦੀ ਦਾ ਅੱਧਾ ਹਿੱਸਾ ਹੈ ।

ਰੂਪੀ ਕੌਰ ਨੇ ਕਿਹਾ ਦੱਖਣੀ ਏਸ਼ੀਆ ਨੂੰ ਮਿਲ ਕੇ ਇਸ ਦੇ ਲਈ ਬਾਇਡਨ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਠਹਿਰਾਉਣਾ ਚਾਹੀਦਾ ਹੈ ਜਿਸ ਦੀ ਵਜ੍ਹਾ ਕਰਕੇ ਨਿਰਦੋਸ਼ ਨਾਗਰਿਕ ਮਾਰੇ ਗਏ ਹਨ । ਮੈਂ ਆਪਣੀ ਦੱਖਣੀ ਏਸ਼ੀਆ ਦੇ ਭਾਈਚਾਰੇ ਨੂੰ ਅਪੀਲ ਕਰਾਂਗੀ ਕਿ ਉਹ ਇਸ ਦੇ ਲਈ ਅਮਰੀਕਾ ਨੂੰ ਜਵਾਬਦੇਹੀ ਬਣਾਉਣ। ਰੂਪੀ ਕੌਰ ਨੇ ਕਿਹਾ ਸਿੱਖ ਹੋਣ ਦੇ ਨਾਤੇ ਮੇਰਾ ਫ਼ਰਜ਼ ਹੈ ਕਿ ਮੈਂ ਅਮਰੀਕੀ ਪ੍ਰਸ਼ਾਸਨ ਦੇ ਇਸ ਵਤੀਰੇ ਦੇ ਖ਼ਿਲਾਫ਼ ਡਟ ਕੇ ਖੜੀ ਹੋਵਾਂ ਅਤੇ ਆਪਣਾ ਵਿਰੋਧ ਜ਼ਾਹਿਰ ਕਰਾ।

ਰੂਪੀ ਕੌਰ ਬਾਰੇ ਜਾਣਕਾਰੀ

ਰੂਪੀ ਕੌਰ ਦਾ ਨਾਂ ਦੁਨੀਆ ਦੀ ਮਸ਼ਹੂਰ ਲੇਖਕਾਂ ਵਿੱਚ ਆਉਂਦਾ ਹੈ ਉਨ੍ਹਾਂ ਦੀ ਕਿਤਾਬ “Milk and Honey” ਦੀਆਂ 11 ਮਿਲੀਅਨ ਯਾਨੀ 1 ਕਰੋੜ 10 ਲੱਖ ਤੋਂ ਜ਼ਿਆਦਾ ਕਾਪੀਆਂ ਵਿਕਿਆਂ ਹਨ । ਕਿਤਾਬ ਦਾ ਅਨੁਵਾਦ 43 ਭਾਸ਼ਾਵਾਂ ਵਿੱਚ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਕਿਤਾਬ Homer’s “Odyssey ” ਨੂੰ ਵੀ ਬੈੱਸਟ ਸ਼ੈਲਰ ਆਫ਼ ਆਲ ਟਾਈਮ ਦਾ ਅਵਾਰਡ ਮਿਲਿਆ ਸੀ । ਉਨ੍ਹਾਂ ਨੂੰ ਨਿਊ ਰਿਪਬਲਿਕ ਐਂਡ ਆਰਗੇਨਾਈਜ਼ੇਸ਼ਨ ਨੇ ਫਾਬ ਦੀ ਲਿਸਟ ਵਿੱਚ “writer of the decade” ਦੱਸਿਆ ਸੀ । 2022 ਵਿੱਚ ਰੂਪੀ ਕੌਰ ਨੇ ਆਪਣੀ ਚੌਥੀ ਕਿਤਾਬ “Healing Through Word” ਰਿਲੀਜ਼ ਕੀਤੀ ਸੀ ।