Punjab

ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਅੱਜ ਤੋਂ ਸ਼ੁਰੂ ਹੋਈ ! ਸ਼ਤਾਬਦੀ ਤੋਂ ਇੰਨੇ ਰੁਪਏ ਕਿਰਾਇਆ ਜ਼ਿਆਦਾ

ਬਿਉਰੋ ਰਿਪੋਰਟ : ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਸ਼ੁਰੂ ਹੋ ਗਈ ਹੈ । ਸ਼ਨਿੱਚਰਵਾਰ ਸਵੇਰ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਦੇ ਲਈ ਟ੍ਰੇਨ ਨੰਬਰ 22488 ਵੰਦੇ ਭਾਰਤ ਰਵਾਨਾ ਹੋ ਗਈ ਹੈ । ਵੰਦੇ ਭਾਰਤ 457 ਕਿਲੋਮੀਟਰ ਦਾ ਸਫਰ ਸਾਢੇ 5 ਘੰਟੇ ਵਿੱਚ ਤੈਅ ਕਰੇਗੀ । ਹਾਲਾਂਕਿ ਦੂਜੀ ਟ੍ਰੇਨਾਂ ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ ਸਫਰ 7 ਤੋਂ ਸਾਢੇ 7 ਘੰਟੇ ਵਿੱਚ ਤੈਅ ਕਰਦੀਆਂ ਹਨ। ਸ਼ਤਾਬਦੀ ਸਵਾ 6 ਘੰਟੇ ਲੈਂਦੀ ਹੈ । ਵੰਦੇ ਭਾਰਤ ਦਾ ਕਿਰਾਇਆ 1315 ਰੁਪਏ ਰੱਖਿਆ ਗਿਆ ਹੈ । ਐਗਜ਼ੀਕਿਉਟਿਵ ਕਲਾਸ ਦਾ ਕਿਰਾਇਆ 2325 ਜਦਕਿ ਜੇਕਰ ਤੁਸੀਂ ਤਤਕਾਲ ਵਿੱਚ ਟਿਕਟ ਖਰੀਦ ਰਹੇ ਹੋ ਤਾਂ ਤੁਹਾਨੂੰ 1520 ਰੁਪਏ ਵੀ ਦੇਣੇ ਪੈ ਸਕਦੇ ਹਨ। ਹਾਲਾਂਕਿ ਹੁਣ ਰੇਲਵੇ ਦਾ ਕਿਰਾਇਆ ਏਅਰਲਾਇੰਸ ਵਾਂਗ ਬਦਲ ਦਾ ਰਹਿੰਦਾ ਹੈ । ਪਰ ਇਸ ਵਿੱਚ 50 ਜਾਂ ਫਿਰ 100 ਰੁਪਏ ਦਾ ਹੀ ਤੁਹਾਨੂੰ ਫਰਕ ਨਜ਼ਰ ਆਏਗਾ। ਜਦਕਿ ਸ਼ਤਾਬਦੀ ਦਾ ਅੰਮ੍ਰਿਤਸਰ ਅਤੇ ਦਿੱਲੀ ਦੇ ਵਿਚਾਲੇ ਕਿਰਾਇਆ 1247 ਰੁਪਏ ਦੇ ਕਰੀਬ ਹੈ,ਐਗਜ਼ੀਕਿਉਟਿਵ ਕਲਾਸ ਦੀ ਟਿਕਟ ਦੇ ਲਈ ਤੁਹਾਨੂੰ 1925 ਰੁਪਏ ਦੇਣੇ ਹੁੰਦੇ ਹਨ । ਤਤਕਾਲ ਵਿੱਚ ਤੁਹਾਨੂੰ 1400 ਤੱਕ ਦੇਣੇ ਪੈ ਸਕਦੇ ਹਨ।

5 ਵਿੱਚੋਂ 4 ਸਟੇਸ਼ਨ ਪੰਜਾਬ ਵਿੱਚ ਹਨ

ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਅੰਮ੍ਰਿਤਸਰ ਤੋਂ ਸਵੇਰ 8:20 ‘ਤੇ ਰਵਾਨਾ ਹੋਵੇਗੀ ਅਤੇ ਇਸ ਦੇ ਪੁਰਾਣੀ ਦਿੱਲੀ ਪਹੁੰਚਣ ਦਾ ਸਮਾਂ ਦੁਪਹਿਰ 1:50 ਮਿੰਟ ਹੈ । ਇਸ ਦੌਰਾਨ ਟ੍ਰੇਨ ਸਭ ਤੋਂ ਪਹਿਲਾਂ ਬਿਆਸ,ਫਿਰ ਜਲੰਧਰ ਕੈਂਟ,ਫਗਵਾੜਾ,ਲੁਧਿਆਣਾ ਅਤੇ ਅੰਬਾਲਾ ਹੁੰਦੇ ਹੋਏ ਦਿੱਲੀ ਪਹੁੰਚੇਗੀ । ਵਾਪਸੀ ਵਿੱਚ ਵੰਦੇ ਭਾਰਤ ਦੁਪਹਿਰ ਪੁਰਾਣੀ ਦਿੱਲੀ ਸਟੇਸ਼ਨ ਤੋਂ ਹੀ ਦੁਪਹਿਰ 3:15 ‘ਤੇ ਰਵਾਨਾ ਹੋਵੇਗੀ ਅਤੇ ਅੰਬਾਲਾ,ਲੁਧਿਆਣਾ,ਫਗਵਾੜਾ,ਜਲੰਧਰ ਹੁੰਦੇ ਹੋਏ ਰਾਤ 8:40 ‘ਤੇ ਅੰਮ੍ਰਿਤਸਰ ਪਹੁੰਚੇਗੀ । ਇੰਨਾਂ ਚਾਰਾਂ ਸਟੇਸ਼ਨਾਂ ‘ਤੇ ਟ੍ਰੇਨ ਦੇ ਰੁਕਣ ਦਾ ਸਮਾਂ 2-2 ਮਿੰਟ ਹੈ।

ਟ੍ਰੇਨ ਵਿੱਚ 8 ਕੋਚ ਹੋਣਗੇ

ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਵਿੱਚ 8 ਕੋਚ ਹੋਣਗੇ ਜਿੰਨਾਂ ਵਿੱਚ 530 ਸੀਟਾਂ ਹਨ। ਇਹ ਟ੍ਰੇਨ ਹਫਤੇ ਵਿੱਚ 6 ਦਿਨ ਦੌੜੇਗੀ,ਸ਼ੁੱਕਰਵਾਰ ਨੂੰ ਟ੍ਰੇਨ ਨਹੀਂ ਚੱਲੇਗੀ । 4 ਜਨਵਰੀ ਨੂੰ ਦਿੱਲੀ – ਕੱਟਰਾ ਵੈਸ਼ਣੂ ਦੇਵੀ ਵੰਦੇ ਭਾਰਤ ਟ੍ਰੇਨ ਦੀ ਵੀ ਸ਼ੁਰੂਆਤ ਹੋਈ ਸੀ। ਇਸ ਟ੍ਰੇਨ ਦਾ ਹਰਿਆਣਾ ਵਿੱਚ ਅੰਬਾਲ ਸਟੇਸ਼ਨ ਹੈ ਜਦਕਿ ਪੰਜਾਬ ਵਿੱਚ ਲੁਧਿਆਣਾ ਹੈ । 30 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ 6 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਸੀ ਜਿਸ ਵਿੱਚ 2 ਪੰਜਾਬ ਅਤੇ ਹਰਿਆਣਾ ਨੂੰ ਮਿਲੀ ਸੀ।