India International Punjab Religion

ਵਿਦੇਸ਼ ‘ਚ ਬੈਠੀ ਕੁੜੀ ਦਾ ਪੰਜਾਬ ‘ਚ ਤਿੱਖਾ ਵਿਰੋਧ

ਦ ਖ਼ਾਲਸ ਬਿਊਰੋ : ਸਿੱਖ ਧਰਮ ਉੱਤੇ ਜਾਣੇ ਅਨਜਾਣੇ ਹਮਲੇ ਜਾਰੀ ਹਨ। ਕਦੇ ਗੁਰੂ ਸਾਹਿਬਾਨ ਜੀ ਦੀਆਂ ਤਸਵੀਰਾਂ ਥੈਲਿਆਂ ਉੱਤੇ ਛਾਪੀਆਂ ਜਾਂਦੀਆਂ ਹਨ ਅਤੇ ਕਦੇ ਉਨ੍ਹਾਂ ਦੇ ਐਨੀਮੇਟਿਡ ਚਿੱਤਰ ਬਣਾ ਕੇ ਵੀਡੀਓ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਦੇ ਚੱਲਦਿਆਂ ਇੱਕ ਹੋਰ ਘਟਨਾ ਨੇ ਵਿਵਾਦ ਦਾ ਰੂਪ ਧਾਰਨ ਕਰ ਲਿਆ ਹੈ। ਅਮਰੀਕਾ ‘ਚ ਇਕ ਜਿੰਮ ਟਰੇਨਰ ਸੁਮੀਤ ਸਾਹਨੀ ਵੱਲੋਂ ਆਪਣੀ ਪਿੱਠ ’ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾਉਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ੋਸਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਜਿਸ ਵਿਚ ਅਮਰੀਕਾ ਦੀ ਇਕ ਔਰਤ ਵੱਲੋਂ ਆਪਣੀ ਪਿੱਠ ਉੱਤੇ ਗੁਰਬਾਣੀ ਦੀ ਤੁਕ ਲਿਖਵਾਈ ਹੋਈ ਹੈ, ਦਾ ਸਖਤ ਨੋਟਿਸ ਲੈਂਦਿਆਂ ਉਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਸਿੱਖਾਂ ਦੀ ਆਸਥਾ ਹੈ ਅਤੇ ਇਸ ਔਰਤ ਨੇ ਆਪਣੇ ਸਰੀਰ ਉੱਤੇ ਗੁਰਬਾਣੀ ਦੀਆਂ ਤੁਕਾਂ ਲਿਖਵਾ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ।

ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਉਨ੍ਹਾਂ ਕਿਹਾ ਕਿ ਇਸ ਔਰਤ ਦੀ ਅਜਿਹੀ ਹਰਕਤ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਸੱਟ ਮਾਰ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਝ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਵਿਚ ਅਮਰੀਕਾ ਦੇ ਦੂਤਾਵਾਸ ਅਤੇ ਅਮਰੀਕਾ ਸਰਕਾਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਤਾਂ ਜੋ ਲੜਕੀ ਦੇ ਖਿਲਾਫ ਸਿੱਖ ਭਾਵਨਾਵਾਂ ਅਨੁਸਾਰ ਕਾਰਵਾਈ ਕਰਵਾਈ ਜਾ ਸਕੇ। ਉੱਧਰ ਸਿੱਖ ਜਥੇਬੰਦੀਆਂ ਅੰਦਰ ਵੀ ਭਾਰੀ ਰੋਸ ਹੈ ਅਤੇ ਲੜਕੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਮੋਟੀਵੇਸ਼ਨਲ ਸਪੀਕਰ ਡਾ. ਵਿਵੇਕ ਬਿੰਦਰਾ ਨੂੰ ਦਸਮ ਪਾਤਸ਼ਾਹ ਜੀ ਦੀ ਇਤਰਾਜ਼ਯੋਗ ਐਨੀਮੇਸ਼ਨ ਬਣਾਉਣ ਉੱਤੇ ਨੋਟਿਸ ਭੇਜਿਆ ਗਿਆ ਸੀ। ਡਾ.ਬਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਸ਼ਨ ਬਣਾਇਆ ਹੋਇਆ ਸੀ।

ਇਸ ਵੀਡੀਓ ਵਿੱਚ ਗੁਰੂ ਸਾਹਿਬ ਜੀ ਦੀਵਾਨ ਟੋਡਰ ਮਲ ਜੀ ਦੇ ਨਾਲ ਗੱਲ ਕਰਦੇ ਹੋਏ ਦਿਖਾਈ ਦਿੱਤੇ ਸਨ। ਵੀਡੀਓ ਵਿੱਚ ਦੀਵਾਨ ਟੋਡਰ ਮਲ ਜੀ ਨੂੰ ਜੈਨ ਧਰਮ ਦੇ ਨਾਲ ਜੋੜ ਕੇ ਦਿਖਾਇਆ ਗਿਆ ਹੈ ਜੋ ਗਲਤ ਜਾਣਕਾਰੀ ਸੀ। ਹਾਲਾਂਕਿ, ਵਿਵਾਦ ਭਖਣ ਤੋਂ ਬਾਅਦ ਵਿਵੇਕ ਬਿੰਦਰਾ ਨੇ ਮੁਆਫ਼ੀ ਮੰਗ ਲਈ ਸੀ।

ਮੋਟੀਵੇਸ਼ਨਲ ਸਪੀਕਰ ਡਾ. ਵਿਵੇਕ ਬਿੰਦਰਾ