International

ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੂੰ ਹੋਇਆ ਕੋਰੋਨਾ

ਅਮਰੀਕਾ : ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਕੋਰੋਨਾ ਲਈ ਪਾਜ਼ੀਟਿਵ ਪਾਏ ਗਏ ਹਨ ਅਤੇ ਉਹਨਾਂ ਨੂੰ ਕੋਰੋਨਾ ਦੇ ਹਲਕੇ ਲੱਛਣਾ ਨਾਲ ਪ੍ਰਭਾਵਤ ਪਾਇਆ ਗਿਆ ਹੈ। ਇਹ ਪ੍ਰਗਟਾਵਾ ਵ੍ਹਾਈਟ ਹਾਊਸ ਨੇ ਕੀਤਾ ਹੈ। ਬਾਇਡਨ ਉਦੋਂ ਕੋਵਿਡ ਨਾਲ ਸੰਕਰਮਿਤ ਹੋਏ ਹਨ ਜਦੋਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ‘ਤੇ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਅਤੇ ਕਿਸੇ ਹੋਰ ਨੂੰ ਮੌਕਾ ਦੇਣ ਲਈ ਦਬਾਅ ਵਧ ਰਿਹਾ ਹੈ। ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਬਿਡੇਨ ‘ਤੇ ਇਹ ਦਬਾਅ ਹੋਰ ਵਧ ਸਕਦਾ ਹੈ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ ਪੀਅਰੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਕੋਵਿਡ ਵੈਕਸੀਨ ਅਤੇ ਬੂਸਟਰ ਲਗਾਇਆ ਗਿਆ ਹੈ।ਪ੍ਰੈਸ ਸਕੱਤਰ ਦੇ ਅਨੁਸਾਰ, ਬਾਇਡਨ ਪਹਿਲਾਂ ਵੀ ਦੋ ਵਾਰ ਕੋਵਿਡ -19 ਨਾਲ ਸੰਕਰਮਿਤ ਹੋ ਚੁੱਕੇ ਹਨ। ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ, ਬਾਇਡਨ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਜੋਅ ਬਾਇਡਨ ਮੁਤਾਬਕ ਉਹ ਠੀਕ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ ਹੈ। ਬਾਇਡਨ ਬੁੱਧਵਾਰ ਨੂੰ ਲਾਸ ਵੇਗਾਸ ਵਿੱਚ ਆਪਣੇ ਸਮਰਥਕਾਂ ਨੂੰ ਮਿਲ ਰਹੇ ਸਨ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਚੋਣ ਭਾਸ਼ਣ ਰੱਦ ਕਰ ਦਿੱਤਾ।