‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੁਨੀਆ ਵਿੱਚ ਹਰੇਕ ਬੰਦੇ ਲਈ ਚੁਣੌਤੀਆਂ ਵੱਖੋ-ਵੱਖ ਹੁੰਦੀਆਂ ਹਨ। ਹਰ ਕਿਸੇ ਦੀ ਜਿੰਦਗੀ ਦੁੱਖਾਂ-ਸੁੱਖਾਂ ਨਾਲ ਭਰੀ ਪਈ ਹੈ। ਜਿਹੜੇ ਹਾਲਾਤਾਂ ਨਾਲ ਲੜਨਾ ਸਿੱਖ ਜਾਂਦੇ ਹਨ, ਉਹੀ ਕਾਮਯਾਬ ਹੁੰਦੇ ਹਨ। ਇਹੋ ਜਿਹਾ ਇਕ ਸਖਸ਼ ਅਮਰੀਕਾ ਦਾ ਰਹਿਣਾ ਵਾਲਾ ਹੈ ਜੋ 60 ਸਾਲ ਤੋਂ ਇਕ ਮਸ਼ੀਨ ਵਿੱਚ ਬੰਦ ਹੈ ਪਰ ਆਪਣੇ ਸੁਪਨੇ ਪੂਰੇ ਕਰ ਰਿਹਾ ਹੈ ਤੇ ਦੂਜਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਰਿਹਾ ਹੈ।

ਜਾਣਕਾਰੀ ਮੁਤਾਬਿਕ ‘ਦਿ ਮੈਨ ਇਨ ਆਇਰਨ ਲੰਗ’ ਦੇ ਨਾਂ ਨਾਲ ਮਸ਼ਹੂਰ ਪੌਲ ਅਲੈਕਜ਼ੈਂਡਰ ਲਈ ਜਿੰਦਗੀ ਦੇ ਸੰਘਰਸ਼ ਵੱਖਰੇ ਤੌਰ ਉੱਤੇ ਲਿਖੇ ਗਏ ਹਨ। ਪਿਛਲੇ 60 ਸਾਲਾਂ ਤੋਂ ਉਹ ਇੱਕ ਮਸ਼ੀਨ ਵਿੱਚ ਬੰਦ ਹੈਤੇ ਇਸ ਮਸ਼ੀਨ ਵਿੱਚ ਰਹਿ ਕੇ ਇਕ ਪਾਸੇ ਉਹ ਸਾਹਾਂ ਦੀ ਲੜਾਈ ਲੜ ਰਿਹਾ ਹੈ ਤੇ ਦੂਜੇ ਪਾਸੇ ਉਸਨੇ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ ਇਕ ਕਿਤਾਬ ਲਿਖ ਦਿੱਤੀ ਹੈ। ਪਾਲ ਅਲੈਕਜ਼ੈਂਡਰ ਦੁਆਰਾ ਲਿਖੀ ਪ੍ਰੇਰਣਾਦਾਇਕ ਕਿਤਾਬ ਹੁਣ ਪੂਰੀ ਦੁਨੀਆ ਵਿੱਚ ਸੁਰਖੀਆਂ ਪਾ ਰਹੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੌਲ ਨੂੰ 1952 ਤੋਂ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ, ਤਾਂ ਉਸਨੂੰ ਸਾਹ ਲੈਣ ਲਈ ਲੋਹੇ ਦੇ ਫੇਫੜੇ ਯਾਨੀ ਕਿ ਇਸ ਮਸ਼ੀਨ ਦੇ ਰੂਪ ਵਿੱਚ ਫੇਫੜੇ ਦੀ ਮਦਦ ਲੈਣੀ ਪੈਂਦੀ ਹੈ। ਇਸੇ ਮਸ਼ੀਨ ਵਿੱਚ ਉਹ ਜਿੰਦਾਦਿਲ ਇਨਸਾਨ ਵਾਂਗ ਆਪਣੇ ਸੁਪਨੇ ਪੂਰੇ ਕਰ ਰਿਹਾ ਹੈ।

ਜਾਣਕਾਰੀ ਮੁਤਾਬਿਕ ਪੋਲੀਓ ਨੇ ਪੌਲ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ ਤੇ ਖੇਡਦਿਆਂ ਉਸਦੇ ਲੱਗੀ ਸੱਟ ਨੇ ਪੌਲ ਨੂੰ ਦੂਜਿਆਂ ਉੱਤੇ ਡਿਪੈਂਡ ਕਰ ਦਿੱਤਾ। ਡਾਕਟਰਾਂ ਦੇ ਮੁਤਾਬਿਕ ਉਸ ਨੂੰ ਮਕੈਨੀਕਲ ਫੇਫੜਿਆਂ ‘ਤੇ ਰੱਖਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਪਰ ਹਾਲਾਤ ਜੋ ਵੀ ਰਹੇ ਹੋਣ ਜਾਂ ਅੱਗੇ ਬਣਨ ਦੇ ਆਸਾਰ ਹੋਣ, ਪੌਲ ਨੇ ਜਿੰਦਗੀ ਨੂੰ ਪਿੱਠ ਨਹੀਂ ਦਿਖਾਈ ਹੈ ਤੇ ਪੌਲ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਬਣ ਰਿਹਾ ਹੈ, ਜਿਹੜੇ ਜਿੰਦਗੀ ਵਿੱਚ ਨੁਕਸ ਕੱਢਣ ਉੱਤੇ ਹੀ ਲੱਕ ਬੰਨ੍ਹੀ ਰੱਖਦੇ ਹਨ।
