Punjab

ਚਿਰਾਂ ਬਾਅਦ ਹੀ ਸਹੀ, ਪੰਜਾਬ ਨੂੰ ਮਿਲਿਆ ਚੰਡੀਗੜ੍ਹ ‘ਚ ਹੱਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਨੂੰ ਚਿਰਾਂ ਬਾਅਦ ਹੀ ਸਹੀ ਰਾਜਧਾਨੀ ਚੰਡੀਗੜ੍ਹ ‘ਤੇ ਆਪਣਾ ਇੱਕ ਹੱਕ ਤਾਂ ਮਿਲਿਆ। ਪੰਜਾਬ ਦੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਬੱਚੇ ਉੱਥੋਂ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਾਈ ਕਰਕੇ ਡਾਕਟਰ ਬਣ ਸਕਣਗੇ। ਪੰਜਾਬ ਅਤੇ ਚੰਡੀਗੜ੍ਹ ਵਿਚਕਾਰ ਕੋਟੇ ਨੂੰ ਲੈ ਕੇ ਕਈ ਚਿਰਾਂ ਤੋਂ ਵਿਵਾਦ ਚੱਲਿਆ ਰਿਹਾ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਤਾਜ਼ੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉੱਥੋਂ ਦੇ ਸਕੂਲਾਂ ਵਿੱਚ ਦਸਵੀਂ ਤੋਂ ਲੈ ਕੇ 12ਵੀਂ ਤੱਕ ਰੈਗੂਲਰ ਪੜ੍ਹਾਈ ਕਰਨ ਵਾਲੇ ਬੱਚੇ ਯੂਟੀ ਪੂਲ ਕੋਟੇ ਦਾ ਲਾਹਾ ਲੈ ਸਕਣਗੇ।

ਕੋਟੇ ਦਾ ਲਾਹਾ ਤਿੰਨ ਪੜਾਵਾਂ ਵਿੱਚ ਵੇਖਿਆ ਜਾ ਰਿਹਾ ਹੈ। ਦਸਵੀਂ ਅਤੇ 12ਵੀਂ ਚੰਡੀਗੜ੍ਹ ਤੋਂ ਕਰਨ ਵਾਲੇ ਵਿਦਿਆਰਥੀ ਕੋਟੇ ਦਾ ਲਾਭ ਲੈ ਸਕਦੇ ਹਨ ਜਾਂ ਫਇਰ ਜਿਨ੍ਹਾਂ ਬੱਚਿਆਂ ਦੇ ਮਾਪੇ ਚੰਡੀਗੜ੍ਹ ਵਿੱਚ ਪੰਜ ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਨੂੰ ਵੀ ਇਹ ਲਾਹਾ ਮਿਲੇਗਾ। ਚੰਡੀਗੜ੍ਹ ਵਿੱਚ ਡੈਪੂਟੇਸ਼ਨ ‘ਤੇ ਆਏ ਮੁਲਾਜ਼ਮਾਂ ਨੂੰ ਵੀ ਹੁਕਮਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਨੀਟ ਦਾ ਨਤੀਜਾ ਆਉਣ ਤੋਂ ਬਾਅਦ ਸਭ ਤੋਂ ਇੱਕ ਹਲਫ਼ੀਆ ਬਿਆਨ ਲਿਆ ਜਾਵੇਗਾ, ਜਿਸ ਵਿੱਚ ਇਹ ਦੱਸਣਾ ਜ਼ਰੂਰੀ ਹੋਵੇਗੀ ਕਿ ਉਹ ਸਟੇਟ ਕੋਟੇ ਦਾ ਲਾਭ ਕਿਸੇ ਹੋਰ ਸੂਬੇ ਤੋਂ ਨਹੀਂ ਲੈ ਰਹੇ।

ਚੇਤੇ ਕਰਾਇਆ ਜਾਂਦਾ ਹੈ ਕਿ ਯੂਟੀ ਪੂਲ ਵਿੱਚ ਕੋਟੇ ਦੀ ਮੰਗ ਨੂੰ ਲੈ ਕੇ ਪੰਜਾਬ ਵਾਸੀਆਂ ਵੱਲੋਂ ਪਟੀਸ਼ਨ ਅਦਾਲਤ ਵਿੱਚ ਵੀ ਦਾਇਰ ਕੀਤੀ ਗਈ ਸੀ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਵੱਲੋਂ ਇੱਥੇ ਦਸਵੀਂ ਅਤੇ 12ਵੀਂ ਪਾਸ ਕਰਨ ਵਾਲੇ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਕੋਟੇ ਦਾ ਲਾਭ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ।