Lok Sabha Election 2024 Punjab

ਅੰਮ੍ਰਿਤਪਾਲ ਨੂੰ ਛੱਡ ਪੰਜਾਬ ਦੇ ਸਾਰੇ MPs ਨੇ ਚੁੱਕੀ ਸਹੁੰ! ਪੰਥਕ ਸੀਟਾਂ ’ਤੇ ‘ਫਤਿਹ ਦੀ ਸਾਂਝ’, ਮਾਂ-ਬੋਲੀ ਦਾ ਵੀ ਹੋਇਆ ਸਤਿਕਾਰ! ਗਾਂਧੀ ਦੀ ਸਹੁੰ ’ਚ ਬੀਜੇਪੀ ’ਤੇ ਤੰਜ

ਬਿਉਰੋ ਰਿਪੋਰਟ – 18 ਵੀਂ ਲੋਕ ਸਭਾ ਦੇ ਦੂਜੇ ਦਿਨ ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵੱਲੋਂ ਸਹੁੰ ਚੁੱਕਣ ਦਾ ਦਿਨ ਸੀ। ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਬਾਕੀ ਸਾਰੇ ਮੈਂਬਰ ਪਾਰਲੀਮੈਂਟਾਂ ਨੇ ਸਹੁੰ ਚੁੱਕੀ। ਵੱਡੀ ਖ਼ਾਸ ਅਤੇ ਚੰਗੀ ਗੱਲ ਇਹ ਰਹੀ ਕਿ ਐੱਪੀਜ਼ ਵਜੋਂ ਹਲਫ਼ ਲੈਣ ਵਾਲੇ 12 ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ਵਿੱਚ ਹੀ ਸਹੁੰ ਚੁਕੀ।

ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦਾ ਸਿਆਸੀ ਰੰਗ ਵੀ ਨਜ਼ਰ ਆਇਆ। ਪੰਥਕ ਸੀਟਾਂ ’ਤੇ ਜਿੱਤੇ ਆਗੂਆਂ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਿਹ ਬੁਲਾਈ ਤਾਂ ਰਿਜ਼ਰਵ ਸੀਟਾਂ ’ਤੇ ਭੀਮ ਰਾਓ ਅੰਬੇਡਕਰ ਦੇ ਜੈਕਾਰੇ ਵੀ ਸੁਣਾਈ ਦਿੱਤੇ ਤਾਂ ਕੁਝ ਐੱਮਪੀਜ਼ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਬੁਲੰਦ ਕੀਤਾ। ਪਟਿਆਲਾ ਤੋਂ ਕਾਂਗਰਸ ਦੇ ਐੱਮਪੀ ਧਰਵੀਰ ਗਾਂਧੀ ਦਾ ਨਾਅਰਾ ਬੀਜੇਪੀ ਲਈ ਵੱਡਾ ਸੁਨੇਹਾ ਸੀ।

ਪੰਜਾਬ ਦੇ ਮੈਂਬਰ ਪਾਰਲੀਮੈਂਟਾ ਵੱਲੋਂ ਸਭ ਤੋਂ ਪਹਿਲਾਂ ਸਹੁੰ ਗੁਰਦਾਸਪੁਰ ਤੋਂ ਕਾਂਗਰਸ ਦੇ ਜੇਤੂ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੀ, ਉਨ੍ਹਾਂ ਨੇ ਆਪਣੇ ਅਹੁਦੇ ਦੀ ਹਲਫ਼ ਦੇ ਅਖੀਰ ਵਿੱਚ ਕਿਹਾ ‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ’, ਇਸ ਤਰ੍ਹਾਂ ਫਰੀਦਕੋਟ ਦੀ ਪੰਥਕ ਟੀਮ ਤੋਂ ਜੇਤੂ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਵੀ ਫਤਿਹ ਦੇ ਨਾਲ ਸਹੁੰ ਚੁੱਕੀ। ਬਠਿੰਡਾ ਤੋਂ ਚੌਥੀ ਵਾਰ ਜਿੱਤੀ ਅਕਾਲੀ ਦਲ ਦੀ ਇਕਲੌਤੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਵਿੱਚ ਹਲਫ ਲੈਣ ਤੋਂ ਬਾਅਦ ਫਤਿਹ ਦੀ ਸਾਂਝ ਕੀਤੀ। ਹਾਲਾਂਕਿ ਪਿਛਲੀ ਵਾਰ ਉਨ੍ਹਾਂ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਸੀ। ਫਿਰੋਜ਼ੁਪਰ ਤੋਂ ਤੀਜੀ ਵਾਰ ਬਣੇ ਐੱਮਪੀ ਸ਼ੇਰ ਸਿੰਘ ਘੁਬਾਇਆ ਨੇ ਵੀ ਹਲਫ ਲੈਣ ਤੋਂ ਬਾਅਦ ਜੈ ਭਾਰਤ, ਜੈ ਪੰਜਾਬ, ਫਿਰ ਫਤਿਹ ਬੁਲਾਈ। ਸ੍ਰੀ ਆਨੰਦਪੁਰ ਸਾਹਿਬ ਦੀ ਪੰਥਕ ਸੀਟ ਤੋਂ ਜਿੱਤੇ ਆਪ ਦੇ ਐੱਮਪੀ ਮਾਲਵਿੰਦਰ ਸਿੰਘ ਕੰਗ ਨੇ ਵੀ ਇਨਕਲਾਬ ਜ਼ਿੰਦਾਬਾਦ ਦੇ ਨਾਲ ਫਤਿਹ ਬੁਲਾਈ।

ਲੁਧਿਆਣਾ ਤੋ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਲੰਧਰ ਤੋਂ ਕਾਂਗਰਸੀ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਹਲਫ਼ ਲੈਣ ਤੋਂ ਬਾਅਦ ਕੋਈ ਨਾਅਰਾ ਬੁਲੰਦ ਨਹੀਂ ਕੀਤਾ। ਹੁਸ਼ਿਆਰਪੁਰ ਦੀ SC ਸੀਟ ਤੋਂ ਆਪ ਦੇ ਐੱਮਪੀ ਰਾਜਕੁਮਾਰ ਚੱਬੇਵਾਲ, ਸ੍ਰੀ ਫਤਹਿਗੜ੍ਹ ਸਾਹਿਬ ਦੀ ਰਿਜ਼ਰਵ ਸੀਟ ਤੋਂ ਕਾਂਗਰਸ ਦੇ ਅਮਰ ਸਿੰਘ ਨੇ ਵੀ ਸੰਵਿਧਾਨ ਦੀ ਕਿਤਾਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ। ਚੱਬੇਵਾਲ ਨੇ ਅਖੀਰ ਵਿੱਚ ਜੈ ਭੀਮ, ਜੈ ਭਾਰਤ ਅਤੇ ਜੈ ਸੰਵਿਧਾਨ ਦਾ ਨਾਅਰਾ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਐੱਮਪੀ ਗੁਰਜੀਤ ਔਜਲਾ ਨੇ ਵੀ ਸੰਵਿਧਾਨ ਦੀ ਕਿਤਾਬ ਫੜ ਕੇ ਸਹੁੰ ਚੁੱਕੀ ਅਤੇ ਜੈ ਜਵਾਨ, ਜੈ ਕਿਸਾਨ ਅਤੇ ਜੈ ਸੰਵਿਧਾਨ ਦਾ ਨਾਅਰਾ ਬੁਲੰਦ ਕੀਤਾ।

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਨਕਲਾਬ ਜ਼ਿੰਦਾਬਾਦ ਅਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਕੀਤਾ। ਅਖੀਰ ਵਿੱਚ ਸਹੁੰ ਚੁੱਕਣ ਪਹੁੰਚੇ ਪਟਿਆਲ ਤੋਂ ਦੂਜੀ ਵਾਰ ਦੇ ਕਾਂਗਰਸੀ ਐੱਮਪੀ ਧਰਮਵੀਰ ਗਾਂਧੀ ਨੇ ਹੱਥ ਵਿੱਚ ਸੰਵਿਧਾਨ ਦੀ ਕਿਤਾਬ ਫੜੀ ਅਤੇ ਹਲਫ ਲੈਣ ਤੋਂ ਬਾਅਦ ਅਖਰੀ ਵਿੱਚ ਕਿਹਾ ‘ਜੈ ਇੰਡੀਆ ਡੈਟ ਇਜ਼ ਭਾਰਤ, ਜੈ ਪੰਜਾਬ, ਜੈ ਜਨਤਾ, ਜੈ ਸੰਵਿਧਾਨ।’ ਗਾਂਧੀ ਨੇ ਸਹੁੰ ਤੋਂ ਬਾਅਦ ਇੰਡੀਆ ’ਤੇ ਸਵਾਲ ਚੁੱਕਣ ਵਾਲੀ ਬੀਜੇਪੀ ਨੂੰ ਸੁਨੇਹਾ ਦਿੱਤਾ ਇੰਡੀਆ ਹੀ ਭਾਰਤ ਹੈ ਜਿਸ ਨੂੰ ਉਹ ਬਦਲਣਾ ਚਾਹੁੰਦੇ ਹਨ।

ਪਾਰਲੀਮੈਂਟ ਵਿੱਚ ਪੰਜਾਬ ਦੇ ਐੱਮਪੀਜ਼ੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ, ਉਹ ਆਪਣੀ ਪਾਰਟੀ ਦੇ ਤਿੰਨ ਐੱਮਪੀਜ਼ ਮਾਲਵਿੰਦਰ ਸਿੰਘ ਕੰਗ, ਰਾਜਕੁਮਾਰ ਚੱਬੇਵਾਲ ਅਤੇ ਮੀਤ ਹੇਅਰ ਦੇ ਨਾਲ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ਐੱਮਪੀ ਸੂਬੇ ਦੀ ਗੱਲ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਣਗੇ।

ਇਹ ਵੀ ਪੜ੍ਹੋ – ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਫਾਇਰਿੰਗ, ਚੌਤਰਾ ਚੌਕੀ ‘ਤੇ ਦੇਖਿਆ ਪਾਕਿਸਤਾਨੀ ਡਰੋਨ