Punjab

“ਜਿਹੜਾ ਵੀ ਗਲਤ ਬਿਆਨ ਦਿੰਦਾ ਹੈ,ਉਸ ਨੂੰ ਕੋਈ ਸੁਰੱਖਿਆ ਨਾ ਦਿੱਤੀ ਜਾਵੇ,ਸਗੋਂ ਨਤੀਜ਼ਾ ਭੁਗਤ ਲੈਣ ਦਿਉ” : ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਲਾਏ ਹਨ। ਸੁਧੀਰ ਸੂਰੀ ਮਾਮਲੇ ਦੇ ਮੁਲਜ਼ਮ ਸੰਦੀਪ ਸਿੰਘ ਦੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਮਾਹੋਲ ਨੂੰ ਖਰਾਬ ਕੀਤਾ ਜਾ ਰਿਹਾ ਹੈ,ਕੁੱਝ ਗਿਣਵੇਂ ਲੋਕ ਭਾਈਚਾਰਕ ਸਾਂਝ ਲਈ ਖ਼ਤਰਾ ਬਣ ਰਹੇ ਹਨ। ਜਿਹਨਾਂ ਦੀਆਂ ਗਤੀਵਿਧੀਆਂ ‘ਤੇ ਸਰਕਾਰ ਦੀ ਚੁੱਪੀ ਹੈਰਾਨੀਜਨਕ ਹੈ।

ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਲਈ ਚਿੰਤਾ ਜ਼ਾਹਿਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ।

ਉਹਨਾਂ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਸੰਦੀਪ ‘ਤੇ ਹੁਣ ਕੇਸ ਦਰਜ ਹੋ ਗਿਆ ਹੈ ਤੇ ਅਦਾਲਤ ਹੁਣ ਉਸ ਦਾ ਫੈਸਲਾ ਕਰੇਗੀ ਪਰ ਸੰਦੀਪ ਦੇ ਭਰਾ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਾਉਣ ਵਾਲਿਆਂ ‘ਤੇ ਕਦੋਂ ਕਾਰਵਾਈ ਹੋਵੇਗੀ ? ਕੀ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈ ? ਇਸ ਸਬੰਧ ਵਿੱਚ ਹਰਦੀਪ ਸਿੰਘ ਨੇ ਪੁਲਿਸ ਕੋਲ ਪਹੁੰਚ ਵੀ ਕੀਤੀ ਹੈ ਪਰ ਕੋਈ ਵੀ ਕਾਰਵਾਈ ਪੁਲਿਸ ਨੇ ਨਹੀਂ ਕੀਤੀ ਹੈ।

ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਸੰਦੀਪ ਦੇ ਪਰਿਵਾਰ ਦੇ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਹੈ,ਉਹ ਇੱਕ ਆਮ ਪਰਿਵਾਰ ਹੈ। ਫਿਰ ਉਹਨਾਂ ਨੂੰ ਧਮਕੀਆਂ ਦੇਣ ਵਾਲੇ ਤੇ ਉਹਨਾਂ ਲਈ ਘਟੀਆ ਸ਼ਬਦਾਵਲੀ ਵਰਤਣ ਵਾਲੇ ਲੋਕਾਂ ਤੇ ਕੋਈ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ।

ਮਜੀਠੀਆ ਨੇ ਪੁਲਿਸ ਤੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਇਸ ਨੂੰ ਕੋਈ ਹੋਰ ਰੰਗਤ ਦੇਣਾ ਚਾਹੁੰਦੀ ਹੈ।ਉਹਨਾਂ ਅਪੀਲ ਕੀਤੀ ਕਿ ਰਾਜਨੀਤਿਕ ਪਾਰਟੀਆਂ ਦੇ ਦਬਾਅ ਹੇਠ ਆਉਣ ਦੀ ਬਜਾਇ ਪੁਲਿਸ ਕਾਨੂੰਨ ਦੇ ਹਿਸਾਬ ਨਾਲ ਕੰਮ ਕਰੇ।

ਉਹਨਾਂ ਨੇ ਇਸ ਸਬੰਧ ਵਿੱਚ ਸਬੂਤ ਦੇ ਤੋਰ ‘ਤੇ ਸੀਸੀਟੀਵੀ ਫੁਟੇਜ਼ ਵੀ ਮੀਡੀਆ ਅੱਗੇ ਰੱਖੀ ਹੈ ਤੇ ਸਾਫ਼ ਤੋਰ ‘ਤੇ ਕੁੱਝ ਵਿਅਕਤੀਆਂ ਸੌਰਵ ਕੇਤੀਆ ਤੇ ਮਨੀਸ਼ ਕਪੂਰ,ਰਾਹੁਲ ਦੇ ਨਾਂ ਲਏ ਹਨ,ਜਿਹਨਾਂ ਬਾਰੇ ਮਜੀਠੀਆ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਸੀਸੀਟੀਵੀ ਫੁਟੇਜ਼ ਵਿੱਚ ਨਜ਼ਰ ਆ ਰਹੇ ਹਨ ਤੇ ਦੁਕਾਨ ਨੂੰ ਅੱਗ ਲਾਉਣ ਦੀ ਕਾਰਵਾਈ ਵਿੱਚ ਸ਼ਾਮਲ ਹਨ।

ਇਸ ਤੋਂ ਇਲਾਵਾ ਮਜੀਠੀਆ ਨੇ ਸਬੂਤੇ ਦੇ ਤੌਰ ਤੇ ਕੁੱਝ ਤਸਵੀਰਾਂ ਵੀ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਹਨ। ਜਿਹਨਾਂ ਰਾਹੀਂ ਉਹਨਾਂ ਦਾਅਵਾ ਕੀਤਾ ਹੈ ਕਿ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਾਉਣ ਦੀ ਕਾਰਵਾਈ ਵਿੱਚ ਸ਼ਾਮਲ ਸਨ।ਇਸ ਤੋਂ ਬਾਅਦ ਉਹਨਾਂ ਇੱਕ ਹੋਰ ਦਾਅਵਾ ਵੀ ਕੀਤਾ ਹੈ ਕਿ ਦੁਕਾਨ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨਾਲ ਵੀ ਉਪਰੋਕਤ ਵਿਅਕਤੀਆਂ ਵੱਲੋਂ ਕੁਟਮਾਰ ਕੀਤੀ ਗਈ ਹੈ।ਮਜੀਠੀਆ ਨੇ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਪੇਸ਼ ਕੀਤੀ ਤੇ ਇਸ ਵਿਅਕਤੀ ਨੇ ਖੁੱਦ ਪ੍ਰੈਸ ਕਾਨਫਰੰਸ ਵਿੱਚ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਮਜੀਠੀਆ ਨੇ ਇਹਨਾਂ ‘ਤੇ ਕਾਰਵਾਈ ਕਰਨ ਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਸਵਾਲ ਚੁੱਕਿਆ ਹੈ ਕਿ ਗਲਤ ਬਿਆਨ ਦੇਣ ਤੇ ਵੀ ਕਈਆਂ ਨੂੰ ਸੁਰੱਖਿਆ ਦੇ ਦਿੱਤੀ ਜਾਂਦੀ ਹੈ ਪਰ ਸੰਦੀਪ ਦੇ ਪਰਿਵਾਰ ਨੂੰ ਰੋਜ਼ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਉਹਨਾਂ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ ਜਾ ਰਹੀ ? ਕੀ ਪੰਜਾਬ ਸਰਕਾਰ ਕਿਸੇ ਘਟਨਾ ਦੇ ਵਾਪਰਨ ਦੀ ਇੰਤਜ਼ਾਰ ਕਰ ਰਹੀ ਹੈ?

ਇੱਕ ਸਵਾਲ ਦੇ ਜੁਆਬ ਵਿੱਚ ਮਜੀਠੀਆ ਨੇ ਕਿਹਾ ਕਿ ਜਿਹੜਾ ਵੀ ਗਲਤ ਬਿਆਨ ਦਿੰਦਾ ਹੈ,ਉਸ ਨੂੰ ਕੋਈ ਸੁਰੱਖਿਆ ਨਾ ਦਿੱਤੀ ਜਾਵੇ,ਸਗੋਂ ਨਤੀਜ਼ਾ ਭੁਗਤ ਲੈਣ ਦਿਉ। ਇਹ ਸਿਰਫ਼ ਤਰੀਕਾ ਬਣਾ ਲਿਆ ਹੈ ਸੁਰੱਖਿਆ ਲੈਣ ਦਾ।

ਇਸ ਤੋਂ ਬਾਅਦ ਮੁਲਜ਼ਮ ਸੰਦੀਪ ਸਿੰਘ ਦੇ ਭਰਾ ਮਨ ਦੀਪ ਸਿੰਘ ਨੇ ਵੀ ਆਪਣੀ ਗੱਲ ਨੂੰ ਮੀਡੀਆ ਅੱਗੇ ਰੱਖਿਆ ਤੇ ਅਪੀਲ ਕੀਤੀ ਕਿ ਉਹਨਾਂ ਦੀ ਦੁਕਾਨ ਤੇ ਹਿੰਦੂ-ਸਿੱਖ ਸਾਰੇ ਗਾਹਕ ਆਉਂਦੇ ਹਨ ਤੇ ਇਸ ਮਾਮਲੇ ਨੂੰ ਹਿੰਦੂ ਸਿਖਾਂ ਵਿੱਚ ਟਕਰਾਅ ਪੈਦਾ ਕਰਨ ਲਈ ਨਾ ਵਰਤਿਆ ਜਾਵੇ।

ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਹੈ ਪਰ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਸੰਦੀਪ ਸਿੰਘ ਦੇ ਦੁਕਾਨ ‘ਤੇ ਆਉਣ ਜਾਣ ਤੋਂ ਲੈ ਕੇ ਉਸ ਦਿਨ ਹੋਈ ਹਰ ਗਤੀਵਿਧੀ ਦੀ ਸੀਸੀਟੀਵੀ ਫੁਟੇਜ ਪੁਲਿਸ ਲੈ ਕੇ ਜਾ ਚੁੱਕੀ ਹੈ ਪਰ ਫਿਰ ਵੀ ਹਾਲੇ ਤੱਕ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ।