ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਤੇ ਲੀਗਲ ਸੈਲ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਸਾਰੀ ਕਾਰਵਾਈ ਨੂੰ ਮਾਨ ਸਰਕਾਰ ਦੀ ਨਾਕਾਮੀ ਤੇ ਹੋਰ ਵੱਡੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦੀ ਸਾਜਿਸ਼ ਦੱਸਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਬਣਾਏ ਗਏ ਲੀਗਲ ਸੈਲ ਨੇ ਇਸ ਦੌਰਾਨ ਕਈ ਨੌਜਵਾਨਾਂ ਦੀ ਰਿਹਾਈ ਕਰਵਾਈ ਹੈ।
ਡਾ.ਦਲਜੀਤ ਸਿੰਘ ਚੀਮਾ ਨੇ ਸਰਕਾਰ ਦੀ ਇਸ ਸਾਰੀ ਕਾਰਵਾਈ ਨੂੰ ਇੱਕ ਰਾਸ਼ਟਰੀ ਪੱਧਰ ਦੀ ਸਾਜਿਸ਼ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਲਈ ਹੀ ਇੰਟਰਨੈਟ ਨੂੰ ਵੀ ਬੰਦ ਕੀਤਾ ਗਿਆ ਸੀ।ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਕੇਂਦਰ ਤੋਂ ਫੌਜੀ ਬਲ ਮੰਗਵਾ ਕੇ ਇੱਕ ਅਜਿਹਾ ਭਰਮ ਪੈਦਾ ਕੀਤਾ ਕਿ ਪਤਾ ਨੀ ਪੰਜਾਬ ਵਿੱਚ ਕੀ ਹੋ ਗਿਆ ਹੁੰਦਾ ਹੈ,ਇਸ ਸਾਰੀ ਕਾਰਵਾਈ ਨਾਲ ਪੰਜਾਬ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਚੰਗੀ ਬਦਨਾਮੀ ਹੋ ਗਈ ਹੈ।
ਡਾ.ਚੀਮਾ ਨੇ ਰਿਹਾਅ ਕੀਤੇ 157 ਨੌਜਵਾਨਾਂ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਸਾਰਿਆਂ ਦੀ ਜ਼ਮਾਨਤ ਭਰੀ ਗਈ ਹੈ ਤਾਂ ਇਹ ਬਾਹਰ ਆਏ ਹਨ। ਪੰਜਾਬ ਪੁਲਿਸ ਕਹਿ ਰਹੀ ਹੈ ਕਿ ਇਹ ਸਾਰੇ ਬੇਦੋਸ਼ ਹਨ ਤਾਂ ਇਹਨਾਂ ਤੇ ਪਾਏ ਕੇਸ ਵੀ ਵਾਪਸ ਲਏ ਜਾਣੇ ਚਾਹੀਦੇ ਹਨ।
ਅਕਾਲੀ ਦਲ ਆਗੂ ਨੇ ਇਹ ਵੀ ਕਿਹਾ ਹੈ ਕਿ ਡੀਜੀਪੀ ਪੰਜਾਬ ਨੇ ਕਲ ਇਹ ਬਿਆਨ ਦਿੱਤਾ ਸੀ ਕਿ 40 ਨੌਜਵਾਨਾਂ ਦੇ ਖਿਲਾਫ ਗੰਭੀਰ ਕੇਸ ਹਨ ਤਾਂ ਉਹਨਾਂ ਨੂੰ ਇਸ ਦੇ ਵੇਰਵੇ ਵੀ ਸਾਂਝੇ ਕਰਨੇ ਚਾਹੀਦੇ ਹਨ। ਇਹਨਾਂ ਤੋਂ ਇਲਾਵਾ ਬਾਕਿ 156 ਨੌਜਵਾਨ ਵੀ ਰਿਹਾਅ ਕੀਤੇ ਜਾਣੇ ਚਾਹੀਦੇ ਹਨ,ਜਿਹਨਾਂ ਨੂੰ ਸਰਕਾਰ ਨੇ ਸਿਰਫ ਇਸ ਮਾਮਲੇ ਨੂੰ ਵੱਡਾ ਦਿਖਾਉਣ ਲਈ ਚੁੱਕਿਆ ਹੈ ।
ਡਾ.ਚੀਮਾ ਨੇ ਸਵਾਲ ਕੀਤਾ ਹੈ ਕਿ 1989 ਤੋਂ ਲੈ ਕੇ ਹੁਣ 34 ਸਾਲਾਂ ਬਾਅਦ 8 ਨੌਜਵਾਨਾਂ ‘ ਤੇ NSA ਲਗਾਉਣ ਸੰਬੰਧੀ ਵੀ ਸਰਕਾਰ ਸਪਸ਼ਟੀਕਰਨ ਦੇਵੇ ਕਿ ਇਹਨਾਂ ਨੇ ਇਸ ਤਰਾਂ ਦਾ ਕਿਹੜਾ ਗੰਭੀਰ ਅਪਰਾਧ ਕੀਤਾ ਸੀ ਕਿ ਇਹਨਾਂ ਤੇ ਇਹ ਕਾਨੂੰਨ ਸਕਰਾਰ ਨੂੰ ਲਾਉਣਾ ਪਿਆ ਹੈ ?
ਉਹਨਾਂ ਦਾਅਵਾ ਕੀਤਾ ਕਿ ਸਰਕਾਰ ਨੇ ਜੇਲ੍ਹ ਇੰਟਰਵਿਊ ਤੇ ਹੋਰ ਕਈ ਗੰਭੀਰ ਮਸਲਿਆਂ ਤੋਂ ਆਮ ਲੋਕਾਂ ਦਾ ਧਿਆਨ ਹਟਾਉਂ ਲਈ ਇਹ ਸਾਜਿਸ਼ ਕੀਤੀ ਹੈ ਪਰ ਇਸ ਨਾਲ ਕੇਂਦਰ ਸਰਕਾਰ,ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਮਿਲ ਕੇ ਪੰਜਾਬ ਨੂੰ ਲੰਬੇ ਸਮੇਂ ਲਈ ਮੁਸ਼ਕਿਲ ਵਿੱਚ ਪਾ ਦਿੱਤਾ ਹੈ।
ਬੀਤੀ 25 ਮਾਰਚ ਨੂੰ ਹਰਿਆਣੇ ਦੇ ਗ੍ਰਹਿ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਦਾ ਵੀ ਜ਼ਿਕਰ ਵੀ ਚੀਮਾ ਨੇ ਕੀਤਾ ਹੈ ਤੇ ਸਵਾਲ ਕੀਤਾ ਹੈ ਕਿ ਕੀ ਮਾਨ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਨੂੰ ਸੂਚਿਤ ਨਹੀਂ ਕੀਤਾ ਸੀ ? ਹਰਿਆਣੇ ਪੁਲਿਸ ਵੱਲੋਂ ਗ੍ਰਿਫਤਾਰ ਨਾ ਕਰਨਾ ਤੇ ਪੰਜਾਬ ਪੁਲਿਸ ਦੀ ਢਿੱਲ-ਮੱਠ ਇਹ ਦੋਵੇਂ ਸ਼ੱਕ ਪੈਦਾ ਕਰਦੇ ਹਨ।ਇਸ ਸਾਰੇ ਮਾਮਲੇ ਨੂੰ ਲੈ ਕੇ ਆਮ ਲੋਕਾਂ ਵੱਲ ਜਵਾਬਦੇਹੀ ਬਣਦੀ ਹੈ।
ਮੀਡੀਆ ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਵੀ ਡਾ.ਚੀਮਾ ਨੇ ਜ਼ਿਕਰ ਕੀਤਾ ਹੈ ਕਿ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ ਤਾਂ ਬੰਦ ਕੀਤੇ ਹੀ ਹੋਏ ਸੀ ਪਰ ਕਈ ਯੂ-ਟਿਊਬ ਤੇ ਫੇਸਬੂਕ ਪੇਜ ਚੈਨਲਾਂ ਤੇ ਵੀ ਕਾਰਵਾਈ ਕਰਦਿਆਂ ਬੰਦ ਕਰ ਦਿੱਤਾ ਗਿਆ ਹੈ ਤੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਤੇ ਡਰਾਉਣ ਲਈ ਉਹਨਾਂ ਦੇ ਘਰਾਂ ਵਿੱਚ ਰੇਡਾਂ ਹੋ ਰਹੀਆਂ ਹਨ। ਇਹ ਸਭ ਤੋਂ ਐਮਰਜੈਂਸੀ ਵੇਲੇ ਵੀ ਨਹੀਂ ਹੋਇਆ ਸੀ।
ਕਿਸਾਨਾਂ ਦੇ ਹੋਏ ਨੁਕਸਾਨ ਦੀ ਗੱਲ ਵੀ ਉਹਨਾਂ ਕੀਤੀ ਹੈ ਤੇ ਕਿਹਾ ਹੈ ਕਿ ਇਸ ਵਾਰ ਹੋਏ ਵੱਡੇ ਪੱਧਰ ਦੇ ਨੁਕਸਾਨ ਦੀ ਭਰਪਾਈ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਪਰ ਪਿਛਲੀਆਂ ਤਬਾਹ ਹੋਈਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਹਾਲੇ ਤੱਕ ਨਹੀਂ ਹੋਈ ਹੈ।
ਡਾ. ਚੀਮਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਵੀ ਨਿਸ਼ਾਨਾ ਲਗਾਇਆ ਹੈ ਤੇ ਕਿਹਾ ਹੈ ਕਿ ਜਿਸ ਖਟਕੜ ਕਲਾਂ ਪਿੰਡ ਜਾ ਕੇ ਉਹਨਾਂ ਸਹੁੰ ਚੁੱਕੀ ਸੀ,ਉਥੇ ਮੁਹੱਲਾ ਕਲੀਨਿਕ ਵਿੱਚ ਤਬਦੀਲ ਕੀਤੇ ਗਏ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੱਕ ਉਤਾਰ ਦਿੱਤੀ ਗਈ ਹੈ ਤੇ ਉਸਦੀ ਥਾਂ ਹੁਣ ਮੁੱਖ ਮੰਤਰੀ ਪੰਜਾਬ ਦੀ ਆਪਣੀ ਤਸਵੀਰ ਲਗੀ ਹੋਈ ਹੈ। ਉਹਨਾਂ ਮੁੱਖ ਮੰਤਰੀ ਤੋਂ ਲੋਕਾਂ ਵਿੱਚ ਆ ਕੇ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਉਸ ਜਗਾ ਹੁਣ ਆਪਣੀ ਤਸਵੀਰ ਹਟਾ ਕੇ ਦੁਬਾਰਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪੰਜ ਪਿਆਰਿਆਂ ਦੇ ਨਾਂ ਤੇ ਬਣੇ ਹੋਏ ਸੈਟੇਲਾਇਟ ਸਿਹਤ ਕੇਂਦਰਾਂ ਦੇ ਨਾਂ ਵੀ ਬਦਲਣ ਦੀ ਕੋਸ਼ਿਸ਼ ਵੀ ਹੋਈ ਸੀ।
ਇਸ ਤੋਂ ਬਾਅਦ ਲੀਗਲ ਵਿੰਗ ਦਾ ਵੇਰਵਾ ਦਿੰਦੇ ਹੋਏ ਵਿੰਗ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਪੀਕਰ ਐਡੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਲੀਗਲ ਵਿੰਗ ਦੀ 14 ਮੈਂਬਰੀ ਟੀਮ ਨੂੰ 122 ਲੋਕਾਂ ਨੇ ਪਹੁੰਚ ਕੀਤੀ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਨੌਜਵਾਨਾਂ ਵਿੱਚ ਕਈ ਤਾਂ 20-20 ਸਾਲ ਦੇ ਵਿਦਿਆਰਥੀ ਹਨ ਤੇ ਇਹਨਾਂ ਤੇ 107/151 ਵਰਗੇ ਕੇਸ ਪਾਏ ਗਏ ਹਨ।ਉਹਨਾਂ ਮਾਨ ਸਰਕਾਰ ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਵਿੱਚ ਕਈ ਵਿਦਿਆਰਥੀਆਂ ਦੇ ਪੇਪਰ ਤਕ ਨਹੀਂ ਦੇਣ ਦਿੱਤੇ।ਜਿਨ੍ਹਾਂ ਵਿਦਿਆਰਥੀਆਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਦੀਵਾਨ ਵਿੱਚ ਗਏ ਹਨ,ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਇਹਨਾਂ ਵਿਚੋਂ 46 ਨੌਜਵਾਨਾਂ ਨੂੰ ਰਿਹਾਅ ਕਰਾਉਣ ‘ਚ ਸਫ਼ਲ ਹੋਇਆ ਹੈ।
ਕਲੇਰ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਵਿਚਾਰਾਂ ‘ਤੇ ਹਮਲਾ ਦੱਸਿਆ ਹੈ ਤੇ ਕਿਹਾ ਹੈ ਕਿ ਖੰਨਾ ਪੁਲਿਸ ਨੇ ਜੋ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤੇ ਹਨ ਤੇ ਜੋ ਸਬੂਤ ਵਜੋਂ ਝੰਡਾ ਪੇਸ ਕੀਤਾ ਹੈ,ਉਹ ਖਾਲਸਾ ਰਾਜ ਵੇਲੇ ਦਾ ਹੈ ਤੇ ਨਕਸ਼ੇ ਵਿੱਚ ਦਰਸਾਈਆਂ ਗਈਆਂ ਰਿਆਸਤਾਂ ਵੀ ਉਸ ਵੇਲੇ ਦੀਆਂ ਹਨ।
ਉਹਨਾਂ ਸਵਾਲ ਕੀਤਾ ਹੈ ਕਿ ਉਹਨਾਂ ਬੱਚਿਆਂ ਦਾ ਕੀ ਕਸੂਰ ਸੀ,ਜਿਹਨਾਂ ਨੇ ਪੋਸਟਾਂ ਪਾਈਆਂ ਹਨ ਤੇ ਸਿਰਫ ਦੀਵਾਨ ਵਿੱਚ ਗਏ ਹਨ ।
ਉਹਨਾਂ ਪੰਜਾਬ ਸਰਕਾਰਾਂ ਤੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੀ ਨਾਜਾਇਜ਼ ਦਖਸਅੰਦਾਜੀ ਕਾਰਨ ਮੈਜੀਸਟ੍ਰੇਟ ਵੱਲੋਂ ਜ਼ਮਾਨਤ ਦੇ ਕੇਸਾਂ ਦੀ ਸੁਣਵਾਈ ਵੀ ਪ੍ਰਭਾਵਿਤ ਹੋ ਰਹੀ ਹੈ।ਕਲੇਰ ਨੇ ਅਜਿਹੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਤੱਕ ਪਹੁੰਚ ਕਰਨ ਤਾਂ ਜੋ ਹਾਈ ਕੋਰਟ ਵਿੱਚ ਅਜਿਹੇ ਨੌਜਵਾਨਾਂ ਦੀ ਪਟੀਸ਼ਨ ਪਾਈ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈਲ ਹਰ ਪ੍ਰਭਾਵਿਤ ਨੌਜਵਾਨ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਪੂਰੀ ਤਰਾਂ ਤਿਆਰ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵੱਲੋਂ ਕੀਤੀ ਗਈ ਇਕਤਰਤਾ ਸੰਬੰਧੀ ਵੀ ਡਾ.ਚੀਮਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲਏ ਗਏ ਹਰ ਫੈਸਲੇ ਨੂੰ ਮੰਨਿਆ ਜਾਵੇਗਾ ਤੇ ਹੁਣ ਇਸ ਵੇਲੇ ਸਾਰੇ ਪੰਜਾਬ ਨੂੰ ਇੱਕਜੁਟ ਹੋ ਜਾਣ ਦੀ ਲੋੜ ਹੈ।
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਇੱਕਮੁਠ ਹੋ ਕੇ ਯਤਨ ਕਰਨੇ ਚਾਹੀਦੇ ਹਨ ਤੇ ਜੇਕਰ ਕੋਈ ਗਲਤੀ ਵੀ ਕਰਦਾ ਹੈ ਤਾਂ ਉਸ ਦੀ ਕੋਂਸਲਿੰਗ ਕੀਤੀ ਜਾਣੀ ਚਾਹੀਦੀ ਹੈ।ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ,ਇਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਿ ਤਿਰੰਗੇ ਦੀ ਇਜ਼ਤ ਕਿਵੇਂ ਕਰਨੀ ਚਾਹੀਦੀ ਹੈ।
ਮੀਡੀਆ ਰਾਹੀਂ ਵਾਈਰਲ ਕੀਤੀਆਂ ਫੋਟੋਆਂ ਬਾਰੇ ਵੀ ਡਾ.ਚੀਮਾ ਨੇ ਸਪੱਸ਼ਟ ਕੀਤਾ ਹੈ ਕਿ ਇਸ ‘ਤੇ ਕੀ ਕਿਹਾ ਜਾ ਸਕਦਾ ਹੈ ਕਿਉਂਕਿ ਕੀ ਪਤਾ ਇਹ ਕਦੋਂ ਦੀਆਂ ਹਨ ? ਇਹਨਾਂ ਫੋਟੋਆਂ ਨੂੰ ਜਨਤਕ ਕਰਨ ਵਾਲਿਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਕਦੋਂ ਦੀਆਂ ਹਨ।