Punjab

ਗ੍ਰਿਫਤਾਰੀ ਤੋਂ ਬਾਅਦ ਦੀਪਕ ਟੀਨੂੰ ਦੀ ਪਹਿਲੀ ਵੀਡੀਓ ਵਾਇਰਲ

After the arrest, Deepak Tinu's first video went viral

‘ਦ ਖ਼ਾਲਸ ਬਿਊਰੋ : ਗੈਂਗਸਟਰ ਦੀਪਕ ਟੀਨੂੰ ਦੀ ਅੱਜ ਮੁੜ ਗ੍ਰਿਫਤਾਰ ਹੋਣ ਪਿੱਛੋਂ ਉਸਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ, ‘ਦ ਖ਼ਾਲਸ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਅੱਜ ਦੀ ਹੈ ਜਾਂ ਫਿਰ ਪਹਿਲਾਂ ਦੀ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸਨੇ ਬ੍ਰੈਂਡਿਡ ਕੱਪੜੇ ਪਾਏ ਹੋਏ ਹਨ। ਉਸਦੇ ਚਿਹਰੇ ਉੱਤੇ ਚਿੰਤਾ ਦੀ ਕੋਈ ਫਿਕਰ ਨਜ਼ਰ ਨਹੀਂ ਆ ਰਹੀ। ਦੀਪਕ ਟੀਨੂੰ ਦੇ ਨਾਲ ਸਿਵਲ ਵਿੱਚ ਪੁਲਿਸ ਅਫ਼ਸਰ ਵੀ ਮੌਜੂਦ ਹੈ।

ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਦੀਪਕ ਟੀਨੂ ਗ੍ਰਿਫਤਾਰ ਕੀਤਾ ਹੈ।

2 ਅਕਤੂਬਰ ਨੂੰ ਦੀਪਕ ਟੀਨੂੰ ਪੁਲਿਸ ਦੀ ਟੀਮ ਵੱਲੋਂ ਪੰਜਾਬ ਦੀ ਮਾਨਸਾ ਜੇਲ੍ਹ ਤੋਂ ਲਿਜਾਂਦੇ ਸਮੇਂ ਫਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਦੀਪਕ ਟੀਨੂੰ ਨੂੰ ਇੱਕ ਹੋਰ ਮਾਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਮਾਮਲੇ ਵਿੱਚ ਤਫ਼ਤੀਸ਼ ਦੇ ਤਹਿਤ ਪੁਲਿਸ ਟੀਮ ਵੱਲੋਂ ਇੱਕ ਨਿੱਜੀ ਗੱਡੀ ਵਿੱਚ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ। ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਛੇ ਸ਼ਾਰਪ ਸ਼ੂਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਨੁਸਾਰ ਸ਼ੂਟਰ 25 ਮਈ ਨੂੰ ਮਾਨਸਾ ਪਹੁੰਚੇ ਸਨ ਅਤੇ ਚਾਰ ਦਿਨ ਬਾਅਦ ਹਮਲੇ ਨੂੰ ਅੰਜਾਮ ਦਿੱਤਾ ਸੀ।

ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਇੰਚਾਰਜ ਪ੍ਰਿਤਪਾਲ ਨੂੰ ਬਰਖਾਸਤ ਕਰ ਦਿੱਤਾ ਗਿਆ। ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ‘ਚ ਉਸ ਦੀ ਪ੍ਰੇਮਿਕਾ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਸਵੇਰੇ ਹੀ ਫਿਰੋਜ਼ਪੁਰ ਪੁਲਿਸ ਨੇ ਗੈਂਗਸਟਰ ਟੀਨੂੰ ਦੇ ਖਿਲਾਫ ਫਿਰੌਤੀ ਦੇ ਮਾਮਲੇ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਹੈ।