Punjab

ਪਰਾਲੀ ‘ਤੇ ਖੁੱਲੀ ਮਾਨ ਸਰਕਾਰ ਦੀ ਪੋਲ,ਸਿਰਫ਼ 5 ਦਿਨਾਂ ‘ਚ 70 ਫੀਸਦੀ ਸੜੀ !

70 Percent stubble burn in punjab after diwali

ਬਿਊਰੋ ਰਿਪੋਰਟ : ਪਰਾਲੀ ਸਾੜਨ ਨੂੰ ਲੈਕੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਦਿਵਾਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਪਰਾਲੀ ਅਤੇ ਪਟਾਖੇ ਘੱਟ ਸੜਨ ਦੀ ਵਜ੍ਹਾ ਕਰਕੇ ਸੂਬੇ ਦਾ ਪ੍ਰਦੂਸ਼ਣ ਦਾ ਪੱਧਰ ਤਿੰਨ ਸਾਲ ਦੇ ਮੁਕਾਬਲੇ ਘੱਟ ਹੋਇਆ ਹੈ। ਕੈਬਨਿਟ ਮੰਤਰੀ ਮੀਤ ਹੇਅਰ ਨੇ ਇਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਨੂੰ ਦੱਸਿਆ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਵੀ ਦਿੱਲੀ ਵਿੱਚ ਪ੍ਰਦੂਸ਼ਣ ਘੱਟ ਹੋਣ ਦਾ ਦਾਅਵਾ ਕੀਤਾ ਸੀ । ਪਰ ਅਗਲੇ 5 ਦਿਨਾਂ ਨੇ ਅੰਦਰ ਹੀ ਕਸਰ ਪੂਰੀ ਹੋ ਗਈ ਹੈ। ਸੂਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਰਿਕਾਰਡ ਤੋੜ ਪਰਾਲੀ ਸਾੜੀ ਗਈ ਹੈ। ਜਦਕਿ ਹਰਿਆਣਾ ਤੋਂ ਚੰਗੀ ਖ਼ਬਰ ਆਈ ਹੈ ਇੱਥੇ 25 ਫੀਸਦੀ ਘੱਟ ਪਰਾਲੀ ਸੜੀ ਹੈ ।

5 ਦਿਨਾਂ ਦੇ ਅੰਦਰ ਰਿਕਾਰਡ ਪਰਾਲੀ ਸੜੀ

ਪੰਜਾਬ ਵਿੱਚ ਪਿਛਲੇ 5 ਦਿਨਾਂ ਦੇ ਅੰਦਰ 70 ਫੀਸਦੀ ਪਰਾਲੀ ਸੜਨ ਦੇ ਮਾਮਲੇ ਸਾਹਮਣੇ ਆਏ ਹਨ। ਸੈਟਲਾਈਟ ਦੀਆਂ ਤਸਵੀਰਾਂ ਮੁਤਾਬਿਕ ਸੂਬੇ ਵਿੱਚ 7100 ਤੋਂ ਵੱਧ ਥਾਵਾਂ ‘ਤੇ ਪਰਾਲੀ ਸਾੜੀ ਗਈ। 15 ਸਤੰਬਰ ਤੋਂ 28 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ 10,214 ਥਾਵਾਂ ‘ਤੇ ਪਰਾਲੀ ਸੜੀ, ਇਸ ਨਾਲ ਪ੍ਰਦੂਸ਼ਣ ਵਿੱਚ ਵੀ ਤੇਜ਼ੀ ਨਾਲ ਇਜਾਫਾ ਹੋਇਆ ਹੈ। ਹਾਲਾਂਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਇਸ ਵਾਰ ਘੱਟ ਪਰਾਲੀ ਸਾੜਨ ਦੇ ਮਾਮਲੇ ਆਏ ਹਨ। ਹਰਿਆਣਾ ਦੇ ਵਿੱਚ ਸਿਰਫ਼ 1701 ਥਾਵਾਂ ‘ਤੇ ਹੀ ਪਰਾਲੀ ਸੜੀ ਹੈ। ਕੈਥਲ ਵਿੱਚ ਸਭ ਤੋਂ ਵੱਧ 464, ਕੁਰੂਕਸ਼ੇਤਰ ਵਿੱਚ 269,ਕਰਨਾਲ 234,ਫਤਿਹਾਬਾਦ 221 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਇਆ। ਹਰਿਆਣਾ ਵਿੱਚ ਪਰਾਲੀ ਸਾੜਨ ‘ਤੇ 1041 ਥਾਵਾਂ ਤੇ ਚਲਾਨ ਕੱਟੇ ਗਏ ਹਨ । ਪੰਜਾਬ ਵਿੱਚ ਜਿੱਥੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਕਤ ਤੱਕ 33 ਫੀਸਦੀ ਵੱਧ ਪਰਾਲੀ ਸੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਉੱਥੇ ਹੀ ਹਰਿਆਣਾ ਵਿੱਚ 25 ਫੀਸਦੀ ਇਸ ਵਾਰ ਘੱਟ ਪਰਾਲੀ ਸੜੀ ਹੈ ।

ਹਵਾ ਹੋਈ ਜ਼ਹਿਰੀਲੀ

ਪਰਾਲੀ ਸਾੜਨ ਦੀ ਘਟਨਾਵਾਂ ਤੋਂ ਬਾਅਦ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਖਤਰਾ ਹੋਰ ਵੱਧ ਸਕਦਾ ਹੈ। ਦੇਸ਼ ਦੇ 21 ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ AQI 300 ਤੋਂ ਜ਼ਿਆਦਾ ਸੀ । ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਲੈਵਰ ਕਾਫੀ ਵੱਧ ਗਿਆ ਹੈ । ਪੰਜਾਬ ਦੀ ਰਾਜਧਾਨੀ ਵਿੱਚ ਚੰਡੀਗੜ੍ਹ ਦੇ ਸੈਕਟਰ 22 ਵਿੱਚ ਪ੍ਰਦੂਸ਼ਣ ਦਾ ਪੱਧਰ AQI ਮੁਤਾਬਿਕ 301 ਪੁਆਇੰਟ ਸੀ । ਜੋ ਕਿ ਕਾਫੀ ਖ਼ਤਰਨਾਕ ਹੈ। ਹਰ ਸਾਲ ਨਵੰਬਰ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਚੰਡੀਗੜ੍ਹ ਦੀ ਹਵਾ ਕਾਫ਼ੀ ਖਤਰਨਾਕ ਹੋ ਜਾਂਦੀ ਹੈ ਇਸ ਦੇ ਪਿੱਛੇ ਵੱਡੀ ਵਜ੍ਹਾ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਦਾ ਸੜਨਾ ਹੈ । ਹਾਲਾਂਕਿ ਪੂਰੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਧਰ 200 AQI ਹੈ।