‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ-ਕਸ਼ਮੀਰ ਵਿੱਚ 15 ਅਗਸਤ ਤੋਂ ਬਾਅਦ ਸੀਮਤ ਖੇਤਰਾਂ ਵਿੱਚ ਤਜ਼ਰਬੇ ਦੇ ਤੌਰ ’ਤੇ 4 ਜੀ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇੰਟਰਨੈੱਟ ਬਹਾਲੀ ਦੇ ਮੁੱਦੇ ’ਤੇ ਨਜ਼ਰ ਰੱਖਣ ਵਾਲੀ ਵਿਸ਼ੇਸ਼ ਕਮੇਟੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 15 ਅਗਸਤ ਤੋਂ ਬਾਅਦ ਸੀਮਤ ਖੇਤਰਾਂ ਵਿੱਚ 4 ਜੀ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਜਸਟਿਸ ਐੱਨਵੀ ਰਮਨ ਦੀ ਅਗਵਾਈ ਵਾਲੇ ਬੈਂਚ ਕੋਲ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਿਹਾ ਕਿ 15 ਅਗਸਤ ਤੋਂ ਬਾਅਦ ਜੰਮੂ-ਕਸ਼ਮੀਰ ਡਵੀਜ਼ਨ ਦੇ ਇੱਕ-ਇੱਕ ਜ਼ਿਲ੍ਹੇ ਵਿੱਚ 4 ਜੀ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਜਾਵੇਗੀ।
ਪਿਛਲੇ ਸਾਲ ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਕੁੱਝ ਸਮੇਂ ਬਾਅਦ ਹੀ 25 ਜਨਵਰੀ, 2020 ਨੂੰ 2ਜੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਸੀ।