ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਐਤਵਾਰ ਸਵੇਰੇ ਆਤਮਘਾਤੀ ਧਮਾਕਾ ਹੋਇਆ। ਇਸ ਦੀ ਪੁਸ਼ਟੀ ਕਰਦਿਆਂ ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ ਕਈ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਸਮਾਚਾਰ ਏਜੰਸੀ ਏਐਫਪੀ ਨੇ ਤਾਲਿਬਾਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਹਮਲਾ ਹਵਾਈ ਅੱਡੇ ਦੇ ਗੇਟ ‘ਤੇ ਹੋਇਆ ਅਤੇ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਕੋਰ ਨੇ ਕਿਹਾ, “ਸਾਡੇ ਕਈ ਸਾਥੀ ਮਾਰੇ ਗਏ ਅਤੇ ਜ਼ਖਮੀ ਹੋਏ ਹਨ।” ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਵਾਲੇ ਤਾਲਿਬਾਨ ਨੇ ਸੁਰੱਖਿਆ ਸਥਿਤੀ ਵਿੱਚ ਸੁਧਾਰ ਕਰਨ ਦਾ ਦਾਅਵਾ ਕੀਤਾ ਹੈ। ਪਰ ਹਾਲ ਹੀ ਦੇ ਮਹੀਨਿਆਂ ਵਿੱਚ ਅਫਗਾਨਿਸਤਾਨ ਵਿੱਚ ਕਈ ਵੱਡੇ ਹਮਲੇ ਹੋਏ ਹਨ। ਸਵੈ-ਘੋਸ਼ਿਤ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੀ ਅਫਗਾਨਿਸਤਾਨ ਸ਼ਾਖਾ ਨੇ ਅਜਿਹੇ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
ਪਿਛਲੇ ਮਹੀਨੇ ਬੰਦੂਕਧਾਰੀਆਂ ਨੇ ਇਕ ਹੋਟਲ ‘ਤੇ ਹਮਲਾ ਕੀਤਾ ਸੀ ਜਿਸ ਵਿਚ ਘੱਟੋ-ਘੱਟ ਪੰਜ ਚੀਨੀ ਨਾਗਰਿਕ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ।