International

ਪੰਜਾਬ ‘ਚ ਪਾਕਿਸਤਾਨੀ ਡਰੋਨ ਦੀ ਹਰਕਤ ‘ਤੇ ਲੱਗੇਗੀ ਲਗਾਮ , ਇਜ਼ਰਾਈਲੀ ਤਕਨੀਕ ਨਾਲ ਡ੍ਰੋਨ ਮੂਵਮੈਂਟ ਕੰਟਰੋਲ ਕਰੇਗੀ BSF

The movement of Pakistani drones will be curbed in Punjab BSF will control drone movement with Israeli technology.

‘ਦ ਖ਼ਾਲਸ ਬਿਊਰੋ :  ਕੌਮਾਂਤਰੀ ਸਰਹੱਦ ਪਾਰ ਰਿਮੋਟ ਕੰਟਰੋਲ ਨਾਲ ਭਾਰਤ ਵਿਰੋਧੀ ਤੱਤਾਂ ਵੱਲੋਂ ਉਡਾਏ ਗਏ ਪਾਇਲਟ ਰਹਿਤ ਹਵਾਈ ਵਾਹਨ ਡ੍ਰੋਨ ਬਾਰਡਰ ਸਕਿਓਰਿਟੀ ਫੋਰਸ ਲਈ 2022 ਵਿਚ ਵੱਡੀ ਚੁਣੌਤੀ ਬਣੇ ਰਹੇ। ਪੰਜਾਬ ਵਿਚ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਡ੍ਰੋਨ ਦੀ ਮੂਵਮੈਂਟ ਇਸ ਸਾਲ ਤਿੰਨ ਗੁਣਾ ਰਹੀ।

ਸਾਲ 2022 ਵਿਚ ਪੰਜਾਬ ਵਿਚ ਅੱਤਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੀਆਂ ਘਟਨਾਵਾਂ ਵਿਚ ਕਮੀ ਦੇਖੀ ਗਈ ਪਰ ਦੂਜੇ ਪਾਸੇ ਪੰਜਾਬ ਵਿਚ ਲਗਭਗ 254 ਡ੍ਰੋਨ ਘੁਸਪੈਠ ਦੀ ਸੂਚਨਾ ਮਿਲੀ ਜਿਨ੍ਹਾਂ ਵਿਚੋਂ ਬੀਐੱਸਐੱਫ ਨੇ 25 ਤੋਂ ਵਧ ਡ੍ਰੋਨਾਂ ਨੂੰ ਮਾਰ ਗਿਰਾਉਣ ਵਿਚ ਸਫਲ ਰਹੀ ਦੂਜੇ ਪਾਸੇ ਪੂਰੇ ਸਾਲ ਵਿਚ ਭਾਰੀ ਮਾਤਰਾ ਵਿਚ ਹਥਿਆਰ ਤੇ ਹੈਰੋਇਨ ਵੀ ਰਿਕਵਰ ਕੀਤੀ।

ਲਗਭਗ ਇਕ ਸਾਲ ਤੋਂ ਵਧ ਸਮੇਂ ਤੋਂ ਪਾਕਿਸਤਾਨ ਦੀ ਜਾਸੂਸੀ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹਥਿਆਰ, ਗੋਲਾ-ਬਾਰੂਦ ਤੇ ਡਰੱਗਸ ਡਿਗਾਉਣ ਲਈ ਡ੍ਰੋਨ ਦਾ ਤੇਜ਼ੀ ਨਾਲ ਇਸਤੇਮਾਲ ਕਰ ਰਹੀ ਹੈ। BSF ਦਾ ਕਹਿਣਾ ਹੈ ਕਿ ਇਨ੍ਹਾਂ ਡ੍ਰੋਨ ਤੋਂ ਇਲਾਵਾ ਖੇਤਰ ਦੀ ਮੈਪਿੰਗ, ਫੋਟੋਗ੍ਰਾਫੀ ਤੇ ਭੌਤਿਕੀ ਸਰਵੇਖਣ ਵਿਚ ਕਾਫੀ ਮਦਦਗਾਰ ਹੈ। BSF ਅਧਿਕਾਰੀਆਂ ਨੇ ਕਿਹਾ ਕਿ ਸਾਲ 2022 ਦੌਰਾਨ ਬੀਐੱਸਐੱਫ ਜਵਾਨਾਂ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਲਗਭਗ 300 ਕਿਲੋਗ੍ਰਾਮ ਹੈਰੋਇਨ, ਵੱਖ-ਵਖ ਤਰ੍ਹਾਂ ਦੇ 75 ਹਥਿਆਰ ਤੇ 1000 ਗੋਲਾ ਬਾਰੂਦ ਵੀ ਬਰਾਮਦ ਕੀਤੇ ਸਨ।

ਇਸ ਸਮੇਂ ਬਾਰਡਰ ‘ਤੇ ਡ੍ਰੋਨ ਨੂੰ ਡੇਗਣ ਲਈ ਕਈ ਤਕਨੀਕਾਂ ‘ਤੇ ਟ੍ਰਾਇਲ ਚੱਲ ਰਿਹਾ ਹੈ ਜਿਸ ਵਿਚ ਇਕ ਇਜ਼ਰਾਈਲੀ ਤਕਨੀਕ ਮਹੱਤਵਪੂਨ ਹੈ। ਦੂਜੇ ਪਾਸੇ ਬਾਰਡਰ ‘ਤੇ ਕੁਝ ਸੈਂਸਰ ਲਗਾਏ ਗਏ ਹਨ ਤਾਂ ਕਿ ਡ੍ਰੋਨ ਦੀ ਮੂਵਮੈਂਟ ਦੇਖੀ ਜਾ ਸਕੇ। ਇਹ ਦੋਵੇਂ ਤਕਨੀਕਾਂ ਮਹਿੰਗੀਆਂ ਹਨ ਤੇ ਜੇਕਰ ਕੇਂਦਰ ਸਰਕਾਰ ਨੂੰ ਇਹ ਪ੍ਰਾਜੈਕਟ ਪਸੰਦ ਆ ਗਿਆ ਤਾਂ ਬਾਰਡਰ ਡ੍ਰੋਨ ਤੋਂ ਸੁਰੱਖਿਅਤ ਹੋ ਜਾਵੇਗਾ।

ਬਾਰਡਰ ‘ਤੇ ਸੈਂਸਰ ਤਕਨੀਕ ਦਾ ਟ੍ਰਾਇਲ ਲਿਆ ਗਿਆ ਹੈ ਜਿਸ ਵਿਚ ਤਕਰੀਬਨ 3-3 ਕਿਲੋਮੀਟਰ ‘ਤੇ ਸੈਂਸਰ ਲਗਾਏ ਜਾਂਦੇ ਹਨ। ਇਹ ਸੈਂਸਰ ਘੱਟ ਉਚਾਈ ‘ਤੇ ਉਡਣ ਵਾਲੇ ਡ੍ਰੋਨ ਨੂੰ ਡਿਟੈਕਟ ਕਰਦੇ ਹਨ ਤੇ ਉਨ੍ਹਾਂ ਦੀ ਲੋਕੇਸ਼ਨ ਨੂੰ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਹਨ। ਹੁਣ ਤੱਕ ਜਵਾਨ ਖੁਦ ਆਪਣੇ ਸੈਂਸਿੰਗ ਦਾ ਇਸਤੇਮਾਲ ਕਰਕੇ ਆਵਾਜ਼ ਵੱਲ ਨਿਸ਼ਾਨਾ ਬਣਾ ਕੇ ਡ੍ਰੋਨ ਨੂੰ ਡੇਗ ਰਹੇ ਹਨ।

ਇਜ਼ਰਾਈਲ ਇਕ ਅਜਿਹਾ ਦੇਸ਼ ਹੈ, ਜਿਸ ਨੂੰ ਗੁਆਂਢੀ ਦੇਸ਼ਾਂ ਤੋਂ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਇਜ਼ਰਾਈਲ ਨੇ ਕੁਝ ਸਾਲ ਪਹਿਲਾਂ ਰੀ-ਡ੍ਰੋਨ ਵੇਹਿਕੂਲਰ ਟੈਕਨੀਕਲ ਸਿਸਟਮ ਤਿਆਰ ਕੀਤਾ ਸੀ। ਕੁਝ ਇਸੇ ਤਰ੍ਹਾਂ ਦੀ ਤਕਨੀਕ ਦਾ ਇਸਤੇਮਾਲ ਬੀਐੱਸਐੱਫ ਬਾਰਡਰ ‘ਤੇ ਕਰ ਰਹੀ ਹੈ। ਇਸ ਵਿਚ ਜੇਕਰ ਕੋਈ ਡ੍ਰੋਨ ਭਾਰਤੀ ਸਰਹੱਦ ਵਿਚ ਦਾਖਲ ਹੁੰਦਾ ਹੈ ਤਾਂ ਜੈਮਰ ਦੀ ਮਦਦ ਨਾਲ ਉਸ ਨੂੰ ਕੰਟਰੋਲ ਵਿਚ ਲਿਆ ਜਾ ਸਕਦਾ ਹੈ।

ਇੰਨਾ ਹੀ ਨਹੀਂ ਕੰਟਰੋਲ ਰੂਮ ਵਿਚ ਬੈਠਾ ਵਿਅਕਤੀ ਡ੍ਰੋਨ ਦੇ ਕੰਟਰੋਲ ਨੂੰ ਆਪਣੇ ਹੱਥਾਂ ਵਿਚ ਲੈ ਕੇ ਉਸ ਨੂੰ ਮਨਚਾਹੀ ਜਗ੍ਹਾ ‘ਤੇ ਲੈਂਡ ਵੀ ਕਰਵਾ ਸਕਦਾ ਹੈ। ਇਸ ਤਕਨੀਕ ਨਾਲ ਦੋ ਫਾਇਦੇ ਹੋਣਗੇ। ਇਕ ਡ੍ਰੋਨ ਨੂੰ ਨਿਊਟ੍ਰਲਾਈਜ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਡ੍ਰੋਨ ਦੀ ਮੂਵਮੈਂਟ ਨੂੰ ਕੰਟਰੋਲ ਕਰਕੇ ਪਾਕਿਸਤਾਨ ਵੱਲੋਂ ਭੇਜੀ ਖੇਪ ਨੂੰ BSF ਆਪਣੇ ਕਬਜ਼ੇ ਵਿਚ ਲੈ ਸਕਦੀ ਹੈ।