‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ਉੱਤੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਕਤਲ ਦੇ ਮਾਮਲੇ ਵਿਚ ਘਟਨਾ ਵਾਲੀ ਥਾਂ ਉੱਤੇ ਖੁਦ ਜਾ ਕੇ ਵਿਸਥਾਰ ਨਾਲ ਇਕ ਜਾਣਕਾਰੀ ਭਰਪੂਰ ਰਿਪੋਰਟ ਪੇਸ਼ ਕੀਤੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਵਕੀਲਾਂ ਦੇ ਪੈਨਲ ਨੇ ਦੱਸਿਆ ਕਈ ਸਿਫਾਰਿਸ਼ਾਂ ਕੀਤੀਆਂ ਹਨ ਤੇ ਆਪਣੀ ਰਿਪੋਰਟ ਦੇ ਸਿੱਟੇ ਪੇਸ਼ ਕੀਤੇ ਹਨ। ਵਕੀਲਾਂ ਦੇ ਅਨੁਸਾਰ ਇਕ ਸਾਜਿਸ਼ ਤਹਿਤ ਕੀਤੀ ਗਈ ਬੇਅਦਬੀ ਤੇ ਆਪਣੇ ਗੁਰੂ ਦੀ ਬੇਅਦਬੀ ਨਾਲ ਪੈਦਾ ਹੋਏ ਰੋਹ ਕਾਰਨ ਕਤਲ ਹੋਏ ਲਖਬੀਰ ਦੇ ਮਾਮਲੇ ਨੂੰ ਬਿਨਾਂ ਸੁਣੇ ਨਾ ਨਖਿਧ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਣੀ ਚਾਹੀਦੀ ਹੈ।

ਪ੍ਰੈੱਸ ਕਾਨਫਰੰਸ ਵਿਚ ਦੱਸਿਆ ਗਿਆ ਕਿ ਪੰਜ ਵਕੀਲਾਂ ਦੇ ਪੈਨਲ, ਜਿਨ੍ਹਾਂ ਵਿਚ ਵਕੀਲ ਨਵਕਿਰਨ ਸਿੰਘ, ਤੇਜਿੰਦਰ ਸਿੰਘ ਸੂਦਨ, ਯਾਦਵਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਈਸ਼ਰ ਤੇ ਪਰਮਿੰਦਰ ਸਿੰਘ ਮਲੋਇਆ ਨੇ ਸਿੰਘੂ ਬਾਰਡਰ ‘ਤੇ 19 ਅਕਤੂਬਰ ਨੂੰ ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਜਾ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਜੋ ਬੇਅਦਬੀ ਤੇ ਲਖਬੀਰ ਸਿੰਘ ਦੀ ਹੱਤਿਆ ਨਾਲ ਜੁੜੀ ਹੋਈ ਹੈ। ਸਭ ਤੋਂ ਵਕੀਲਾਂ ਨੇ ਉਡਨਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਥੇ ਇਹ ਘਟਨਾ ਵਾਪਰੀ ਸੀ। ਇਥੇ ਗੁਰੂ ਗ੍ਰੰਥ ਸਾਹਿਬ ਤੇ ਸਰਬਲੋਹ ਦੀ ਪੋਥੀ ਦਾ ਪ੍ਰਕਾਸ਼ ਕੀਤਾ ਗਿਆ ਸੀ।

ਵਕੀਲਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਇਹ ਬੇਅਦਬੀ ਦੀ ਘਟਨਾ ਵਾਪਰੀ, ਉਸ ਸਮੇਂ ਬਾਬਾ ਬਲਵਿੰਦਰ ਸਿੰਘ ਮੌਕੇ ਉੱਤੇ ਮੌਜੂਦ ਨਹੀਂ ਸਨ। ਜਾਣਕਾਰੀ ਅਨੁਸਾਰ ਬੇਅਦਬੀ ਕਰਨ ਵਾਲਾ ਲਖਬੀਰ ਸਿੰਘ ਕਈ ਦਿਨਾਂ ਤੋਂ ਇਸ ਦਲ ਦੇ ਮੋਰਚੇ ਨੇੜੇ ਸੇਵਾ ਕਰ ਰਿਹਾ ਸੀ। ਬੇਅਦਬੀ ਵਾਲੇ ਦਿਨ ਵੀ ਉਹ ਤਿੰਨ ਵਜੇ ਮਹਾਰਾਜ ਦੇ ਪ੍ਰਕਾਸ਼ ਵੇਲੇ ਨਿਹੰਗ ਸਿੰਘਾਂ ਨਾਲ ਸੀ ਪਰ ਬਾਅਦ ਵਿਚ ਉਸਨੇ ਮੌਕੇ ਤਾੜਦਿਆਂ ਸਰਬਲੋਹ ਦੀ ਪੋਥੀ ਉੱਥੋਂ ਬੇਅਦਬੀ ਲਈ ਆਪਣੇ ਨਾਲ ਲੈ ਲਈ ਤੇ ਕਿਸੇ ਸੁੰਨਾਸਨ ਥਾਂ ਉੱਤੇ ਲੈ ਗਿਆ। ਸੂਹ ਲੱਗਣ ਉੱਤੇ ਜਦੋਂ ਨਿਹੰਗ ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਨੇ ਪਾਲਕੀ ਸਾਹਿਬ ਵਿਖੇ ਆ ਕੇ ਦੇਖਿਆ ਤਾ ਉੱਥੇ ਸਰਬਲੋਹ ਦੀ ਪੋਥੀ ਤੇ ਕਿਰਪਾਨ ਗਾਇਬ ਸੀ।

ਭਾਲ ਕਰਨ ਤੇ ਜਦੋਂ ਲਖਬੀਰ ਸਿੰਘ ਸਰਬਲੋਹ ਦੀ ਪੋਥੀ ਨਾਲ ਫੜਿਆ ਗਿਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਕੁੱਝ ਨਿਹੰਗ ਸਿੰਘਾਂ ਨੇ ਆਪਣੇ ਗੁਰੂ ਦੀ ਬੇਅਦਬੀ ਹੋਣ ਦੇ ਗੁੱਸੇ ਵਜੋਂ ਉਸਦਾ ਇਕ ਹੱਥ ਵੱਢ ਦਿੱਤਾ ਤੇ ਬਾਅਦ ਵਿਚ ਇਕ ਹੋਰ ਨਿਹੰਗ ਨੇ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਤੋਂ ਬਾਅਦ ਉਸਦਾ ਪੈਰ ਵੱਢ ਦਿੱਤਾ। ਨਿਹੰਗਾ ਨੇ ਅਜਿਹਾ ਕਰਨ ਪਿੱਛੇ ਇਹ ਤਰਕ ਦਿਤਾ ਹੈ ਕਿ ਉਹ ਆਪਣੇ ਪਵਿੱਤਰ ਗ੍ਰੰਥ ਦੀ ਇਸ ਤਰ੍ਹਾਂ ਬੇਅਦਬੀ ਨਹੀਂ ਸਹਿ ਸਕਦੇ ਤੇ ਕਿਸੇ ਵੀ ਬੇਅਦਬੀ ਵਿਚ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੈ। ਲਖਬੀਰ ਸਿੰਘ ਨੂੰ ਕੋਈ ਮੈਡੀਕਲ ਸਹਾਇਤਾ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ, ਹਾਲਾਂਕਿ ਇਸ ਤੋਂ ਪਹਿਲਾਂ ਉਸ ਕੋਲੋਂ ਕਾਫੀ ਕੁਝ ਪੁੱਛਿਆ ਗਿਆ ਹੈ।

ਵਕੀਲਾਂ ਨੇ ਜਥੇਦਾਰ ਬਾਬਾ ਅਮਨ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਨਾਲ ਵੀ ਮੁਲਾਕਾਤ ਕੀਤੀ, ਜਿਸਨੇ ਦੱਸਿਆ ਕਿ ਕੁੰਡਲੀ ਪੁਲਿਸ ਸਟੇਸ਼ਨ ਉੱਤੇ 15 ਅਕਤੂਬਰ ਨੂੰ ਐਫਆਈਆਰ 612 ਦਰਜ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਸਰੰਡਰ ਕਰਨ ਵਾਲਾ ਨਿਹੰਗ ਸਿੰਘ ਸਰਬਜੀਤ ਸਿੰਘ ਡੇਢ ਸਾਲ ਪਹਿਲਾਂ ਹੀ ਨਿਹੰਗ ਬਾਬਾ ਅਮਨ ਸਿੰਘ ਦੇ ਜਥੇ ਵਿਚ ਸ਼ਾਮਿਲ ਹੋਇਆ ਸੀ। ਇਸ ਮਾਮਲੇ ਵਿਚ ਹੁਣ ਤੱਕ ਚਾਰ ਨਿਹੰਗ ਸਿੰਘ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਨੇ ਆਤਮਸਮਰਪਣ ਕੀਤਾ ਹੈ। ਵਕੀਲਾਂ ਦੇ ਅਨੁਸਾਰ ਐਫਆਈਆਰ ਵਿਚ ਐਸਸੀਐਸਟੀ ਐਕਟ ਵੀ ਬਿਨਾਂ ਕਿਸੇ ਜਾਂਚ ਦੇ ਜੋੜਿਆ ਗਿਆ ਹੈ।

ਵਕੀਲਾਂ ਦੀ ਪੜਤਾਲ ਤੇ ਸਿਫਾਰਿਸ਼ਾਂ….

 • ਵਕੀਲਾਂ ਦੇ ਅਨੁਸਾਰ ਇਹ ਪੂਰੀ ਘਟਨਾ ਕਿਸੇ ਸਾਜਿਸ਼ ਦਾ ਹਿੱਸਾ ਹੈ ਤੇ ਇਸ ਘਟਨਾ ਨਾਲ ਜੁੜੇ ਤੱਥ ਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਲਖਬੀਰ ਸਿੰਘ ਨੂੰ ਕਿਸੇ ਡੂੰਘੀ ਸਾਜਿਸ਼ ਤਹਿਤ ਸਿੰਘੂ ਬਾਰਡਰ ਲਿਜਾਂਦਾ ਗਿਆ। ਵਕੀਲਾਂ ਨੇ ਕਿਹਾ ਕਿ ਬੇਸ਼ੱਕ ਲਖਬੀਰ ਸਿੰਘ ਕਲੀਨ ਸ਼ੇਵ ਸੀ, ਪਰ ਉਸਦਾ ਪਰਿਵਾਰ ਸਿੱਖ ਸਿਧਾਂਤਾਂ ਨੂੰ ਮੰਨਣ ਵਾਲਾ ਹੈ ਤੇ ਉਹ ਇਸੇ ਕਰਕੇ ਬਹੁਤ ਛੇਤੀ ਨਿਹੰਗ ਸਿੰਘਾਂ ਦੇ ਜਥੇ ਵਿਚ ਘੁਲਮਿਲ ਗਿਆ। ਜਿਥੇ ਉਸਨੇ ਸਰਬਲੋਹ ਗ੍ਰੰਥ ਦੀ ਪੋਥੀ ਦੀ ਬੇਅਦਬੀ ਕੀਤੀ।

-ਸਰਬਲੋਹ ਦੀ ਬੇਅਦਬੀ ਕਰਨ ਕਰਕੇ ਜਿਸ ਤਰੀਕੇ ਨਾਲ ਲਖਬੀਰ ਸਿੰਘ ਨੂੰ ਕਤਲ ਕੀਤਾ ਗਿਆ ਹੈ, ਉਸਨੂੰ ਲੈ ਕੇ ਸਮਾਜ ਵਿਚ ਵੱਡੀ ਹਾਹਾਕਾਰ ਹੈ ਪਰ ਸਬੂਤਾਂ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਨਿਹੰਗ ਸਿੰਘ ਜਿਹੜੀ 10ਵੇਂ ਪਾਤਸ਼ਾਹ ਦੀ ਫੌਜ ਹੈ, ਉਹ ਇਸ ਗੱਲ ਲਈ ਪਾਬੰਦ ਹੈ ਕਿ ਉਹ ਗੁਰੂਦੁਆਰਿਆਂ, ਸਿਖ ਧਰਮ ਤੇ ਸਿੱਖਾਂ ਨੂੰ ਬਚਾਉਣ ਲਈ ਹਰ ਤਰੀਕੇ ਵਰਤ ਸਕਦੀ ਹੈ, ਜਿਸ ਨਾਲ ਦੁਸ਼ਮਣਾ ਤੋਂ ਧਰਮ ਦੀ ਰੱਖਿਆ ਹੋ ਸਕੇ। ਨਿਹੰਗ ਸਿੰਘਾਂ ਨੇ ਇਹ ਵੀ ਕਿਹਾ ਹੈ ਕਿ ਬੇਅਦਬੀ ਨਾਲ ਉਨ੍ਹਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਸਨ ਤੇ ਇਹ ਉਸ ਮੌਕੇ ਦੀ ਕਾਰਵਾਈ ਹੀ ਸੀ ਕਿ ਉਸ ਬੰਦੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।

 • ਵਕੀਲਾਂ ਨੇ ਕਿਹਾ ਹੈ ਕਿ ਵਿਸਥਾਰ ਨਾਲ ਜਾਂਚ ਵਿਚ ਇਹ ਗੱਲ ਮਹਿਸੂਸ ਕੀਤੀ ਗਈ ਹੈ ਕਿ ਇਹ ਅਚਾਨਕ ਕੀਤੀ ਗਈ ਕਾਰਵਾਈ ਸੀ ਜੋ ਪੈਦਾ ਕੀਤੇ ਗਏ ਰੋਹ ਦਾ ਸਿੱਟਾ ਸੀ। ਜਿਸ ਵਿਚ ਨਿਹੰਗ ਸਿੰਘਾ ਨੇ ਮ੍ਰਿਤਕ ਲਖਬੀਰ ਸਿੰਘ ਨੂੰ ਜਾਂਚ ਤੇ ਪੁੱਛਪੜਤਾਲ ਵੇਲੇ ਮਾਰਿਆ ਕੁੱਟਿਆ ਵੀ ਤਾਂ ਕਿ ਇਸ ਸਾਜਿਸ਼ ਦਾ ਪਤਾ ਚੱਲ ਸਕੇ ਕਿ ਉਸਨੂੰ ਕਿਸਨੇ ਭੇਜਿਆ ਹੈ। ਤਾਂ ਕਿ ਇਹ ਵੀ ਪਤਾ ਚੱਲ ਸਕੇ ਕਿ ਉਸ ਤੋਂ ਇਲਾਵਾ ਉਹ ਹੋਰ ਕਿਹੜੇ ਹਨ ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਲਈ ਇਸ ਕਾਰਵਾਈ ਵਿਚ ਹਿੱਸੇਦਾਰੀ ਪਾਈ ਹੈ। ਇਸ ਰੋਹ ਦੇ ਵਜੋਂ ਨਿਹੰਗ ਆਪਣਾ ਆਪਾ ਗੁਆ ਬੈਠੇ ਤੇ ਉਨ੍ਹਾਂ ਨੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੀ ਕਿ ਜਖਮੀ ਲਖਬੀਰ ਸਿੰਘ ਨੂੰ ਕੋਈ ਮੈਡੀਕਲ ਸਹਾਇਤਾ ਦਿਤੀ ਜਾਵੇ, ਆਪਣੀ ਕਾਰਵਾਈ ਜਾਰੀ ਰੱਖੀ ਤੇ ਖੂਨ ਵਹਿਣ ਨਾਲ ਉਸਦੀ ਮੌਤ ਹੋ ਗਈ
 • ਵਕੀਲਾਂ ਨੇ ਕਿਹਾ ਹੈ ਕਿ ਇਹ ਸਭ ਜਾਣਦੇ ਹਨ ਕਿ 2015 ਤੋਂ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਸਿੱਖਾਂ ਦਾ ਇਕ ਵੱਡਾ ਹਿਸਾ ਇਸ ਗੱਲ ਤੋਂ ਦੁਖੀ ਹੈ ਕਿ ਪੁਲਿਸ ਪ੍ਰਸਾਸ਼ਨ ਤੇ ਲੰਬੇ ਨਿਆਂ ਪ੍ਰੋਸੇਸ ਕਾਰਨ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਨਾਲ ਲੋਕਾਂ ਦੀ ਨਿਆਂਪ੍ਰਣਾਲੀ ਵਿਚ ਯਕੀਨ ਕਰਨ ਦੀ ਭਾਵਨਾ ਖਤਮ ਹੋ ਰਹੀ ਹੈ।
 • ਵਕੀਲਾਂ ਨੇ ਕਿਹਾ ਹੈ ਕਿ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਵਾਲੀ ਕੋਈ ਵੱਡੀ ਸਾਜਿਸ਼ ਹੋਵੇ। ਕਿਉਂ ਕਿ ਅੱਠ ਡੇਰਿਆਂ ਦੇ ਨਿਹੰਗ ਸਿੰਘ ਕਿਸਾਨਾਂ ਨਾਲ ਮੋਰਚਾ ਲਾ ਕੇ ਸੁਰੱਖਿਆ ਦੇ ਰੂਪ ਵਿਚ ਬੈਠੇ ਹਨ। ਇਹ ਹੋ ਸਕਦਾ ਹੈ ਕਿ ਇਹ ਘਟਨਾ ਇਸ ਲਈ ਕੀਤੀ ਗਈ ਹੋਵੇ ਕਿ ਨਿਹੰਗ ਸਿੰਘ ਮੋਰਚੇ ਵਾਲੀ ਥਾਂ ਛੱਡ ਦੇਣ ਤੇ ਕਿਸਾਨ ਅਸੁਰੱਖਿਅਤ ਮਹਿਸੂਸ ਕਰਨ। ਵਕੀਲਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰ ਰਹੇ ਹਾਂ ਕਿ ਇਸਦੀ ਜਾਂਚ ਕੀਤੀ ਜਾਵੇ ਕਿ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਲਈ ਕੌਣ ਅਜਿਹੇ ਲੋਕਾਂ ਨੂੰ ਉੱਥੇ ਲੈ ਕੇ ਜਾ ਰਿਹਾ ਹੈ।
 • ਵਕੀਲਾਂ ਕਿ ਕਿਹਾ ਕਿ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਕਿ ਐਸਟੀ ਤੇ ਐਸਸੀ ਐਕਟ ਨੂੰ ਐਫਆਈਆਰ ਵਿਚੋਂ ਹਟਾਇਆ ਜਾਵੇ, ਕਿਉਂ ਕਿ ਪੀੜਤ ਤੇ ਦੋਸ਼ੀ ਦੋਵੇਂ ਐਸਸੀ ਐਸਟੀ ਤੋਂ ਸਬੰਧ ਰਖਦੇ ਹਨ।
 • ਵਕੀਲਾਂ ਨੇ ਕਿਹਾ ਕਿ ਅਸੀਂ ਲੀਡਰਾਂ ਤੇ ਸੰਵਿਧਾਨਿਕ ਅਹੁਦਿਆਂ ਦੇ ਅਧਿਕਾਰੀਆਂ ਦੇ ਇਸ ਮੁੱਦੇ ਨੂੰ ਦਲਿਤ ਮੁੱਦਾ ਬਣਾਉਣ ਵਾਲੇ ਬਿਆਨਾਂ ਦੀ ਨਿੰਦਾ ਕਰਦੇ ਹਾਂ। ਜਿਸ ਵਿਚ ਉਹ ਕਹਿ ਰਹੇ ਹਨ ਕਿ ਇਹ ਇਕ ਦਲਿਤ ਦੇ ਖਿਲਾਫ ਕਾਰਵਾਈ ਹੈ ਤੇ ਇਹ ਜਾਤ ਦੇ ਆਧਾਰ ਤੇ ਹੈ।

-ਵਕੀਲਾਂ ਨੇ ਕਿਹਾ ਕਿ ਸਾਨੂੰ ਲਖਬੀਰ ਸਿੰਘ ਦੀ ਮੌਤ ਦਾ ਵੀ ਦੁੱਖ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਸਦੀ ਘਰਵਾਲੀ ਤੇ ਤਿੰਨ ਕੁੜੀਆਂ ਨੂੰ ਸਿੱਖਿਆ ਤੇ ਹੋਰ ਰੁਟੀਨ ਜਿੰਦਗੀ ਜੀਣ ਲਈ ਸਹਾਇਤਾ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਪੈਰਾਂ ਉਤੇ ਖੜ੍ਹੀਆਂ ਹੋ ਸਕਣ।

 • ਵਕੀਲਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਿਹੰਗ ਸਿੰਘਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ ਕੇ ਬਿਨਾਂ ਸੁਣੇ ਕੋਈ ਨਿੰਦਾ ਨਾ ਕਰੇ।

ਵਕੀਲਾਂ ਨੇ ਇਹ ਦਿੱਤੇ ਸਵਾਲਾਂ ਦੇ ਜਵਾਬ

ਕਿਤੇ ਰਿਪੋਰਟ ਕਿਸਾਨਾਂ ਦੇ ਖਿਲਾਫ ਤਾਂ ਨਹੀਂ?

 • ਵਕੀਲਾਂ ਨੇ ਕਿਹਾ ਕਿ ਇਹ ਰਿਪੋਰਟ ਕਿਸਾਨਾਂ ਦੇ ਪੱਖ ਵਿਚ ਹੀ ਹੈ, ਕਿਉਂ ਕਿ ਕਿਸਾਨੀ ਮੁੱਦੇ ਨਾਲੋਂ ਇਹ ਬੇਅਦਬੀ ਦਾ ਮੁੱਦਾ ਵੱਖਰਾ ਹੈ।

ਕਿਸਾਨਾਂ ਦੀ ਸੁਰੱਖਿਆ ਕੀ ਨਿਹੰਗਾਂ ਕੋਲ ਹੈ?

 • ਕਿਸਾਨਾਂ ਨੂੰ ਵੀ ਲੱਗਦਾ ਹੈ ਕਿ ਇਹ ਉਨ੍ਹਾਂ ਨੂੰ ਇਥੋਂ ਚੁਕਵਾਉਣ ਲਈ ਹੀ ਬੇਅਦਬੀ ਕਰਨ ਵਾਲਾ ਬੰਦਾ ਭੇਜਿਆ ਗਿਆ ਹੈ। ਕਿਸਾਨਾਂ ਨੂੰ ਨਿਹੰਗਾਂ ਦੁਆਰਾ ਦਿੱਤੀ ਸੁਰੱਖਿਆ ਖਤਮ ਕਰਨ ਲਈ ਇਹ ਸਾਜਿਸ਼ ਹੋ ਸਕਦੀ ਹੈ। ਕਿਉਂ ਕਿ ਕਿਸਾਨਾਂ ਨਾਲ ਨਿਹੰਗ ਪਹਿਲਾਂ ਤੋਂ ਹੀ ਡਟੇ ਹੋਏ ਹਨ, ਨਹੀਂ ਤਾਂ ਲੋਕਲ ਲੋਕਾਂ ਨੇ ਹੀ ਕਿਸਾਨਾਂ ਨਾਲ ਪੰਗਾ ਖੜ੍ਹਾ ਕਰ ਦੇਣਾ ਸੀ।

ਇਸਨੂੰ ਮਡਰ ਮੰਨਦੇ ਹੋ ਜਾਂ ਨਹੀਂ?

 • ਗ੍ਰੇਵ ਪ੍ਰਵੋਕੇਸ਼ਨ ਰਾਹੀਂ ਅਸੀਂ ਇਸ ਹੱਥ ਪੈਰ ਵੱਢਣ ਵਾਲੀ ਘਟਨਾ ਨੂੰ ਮਡਰ ਹੈ ਜਾਂ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਥੇ ਇਹ ਦੱਸਣਾ ਚਾਹੁੰਦੇ ਹਾਂ ਕਿ ਕੀ ਇਹ ਮਰਡਰ ਹੈ ਜਾਂ ਨਹੀਂ। ਗ੍ਰੇਵ ਪ੍ਰੋਵੋਕੇਸ਼ਨ ਵਿਚ ਮਡਰ ਦਾ ਲੀਗਲ ਪੱਖ ਦੇਖਿਆ ਜਾਂਦਾ ਹੈ। ਉਸਦੀ ਮੌਤ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਹੋਈ ਹੈ। ਤੇ ਨਿਹੰਗਾਂ ਨੇ ਇਹ ਤੁਰੰਤ ਕਾਰਵਾਈ ਕੀਤੀ ਹੈ, ਕਿਉਂ ਕਿ ਉਹਨਾਂ ਦੇ ਦਿਲ ਬੇਅਦਬੀ ਹੋਣ ਕਾਰਨ ਦੁਖੀ ਸਨ।

ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਵਿਚ ਕੁਤਾਹੀ?

 • ਜਿਹੜਾ ਬੰਦਾ ਡਿਊਟੀ ‘ਤੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਨਹਾਊਣ ਗਿਆ ਸੀ ਪਰ ਇਹ ਗਲਤ ਹੈ ਕਿ ਜਿਹੜਾ ਬੰਦਾ 24 ਘੰਟੇ ਸਿਕਿਊਰਿਟੀ ਨਹੀਂ ਦੇ ਸਕਦਾ ਉਹ ਹੋਲੀ ਬੁਕਸ ਨਾ ਰੱਖੇ ਤਾਂ ਬਿਹਤਰ ਹੈ। ਸੁਰੱਖਿਆ ਗੁਰੂ ਜੀ ਨੂੰ ਮਿਲਣੀ ਹੀ ਚਾਹੀਦੀ ਹੈ ਤੇ ਇਹ ਸੁਰੱਖਿਆ ਵਿਚ ਕੋਤਾਹੀ ਕਾਰਨ ਹੀ ਵਾਪਰਿਆ ਹੈ।

ਪੁਲਿਸ ਕਹਿ ਰਹੀ ਹੈ ਕਿ ਕਈ ਘੰਟੇ ਡੈਡ ਬਾਡੀ ਨਹੀਂ ਦਿੱਤੀ?

 • ਜਿਸ ਵਕਤ ਬੇਅਦਬੀ ਕਰਨ ਵਾਲੇ ਨੂੰ ਗੰਭੀਰ ਜਖਮੀ ਕਰਕੇ ਟੰਗਿਆ ਸੀ ਤਾਂ ਉਹ ਖੁਦ ਕਹਿ ਰਿਹਾ ਸੀ ਕਿ ਮੈਨੂੰ ਮਾਰ ਦਿਓ। ਵਕੀਲਾਂ ਨੇ ਕਿਹਾ ਕਿ ਉਸ ਵੇਲੇ ਪੁਲਿਸ ਵਾਲੇ ਵੀ ਕੋਲ ਹੀ ਖੜ੍ਹੇ ਹਨ। ਇਸਦੀ ਵੀਡੀਓ ਵੀ ਵਾਇਰਲ ਹੋਈ ਹੈ, ਜੋ ਸਾਰਿਆਂ ਨੇ ਦੇਖੀ ਹੈ। ਪਰ ਇਹ ਕਹਿਣਾ ਕਿ ਪੁਲਿਸ ਨੂੰ ਡੈਡ ਬਾਡੀ ਨਹੀਂ ਦਿਤੀ ਗਈ, ਗਲਤ ਹੈ।

Leave a Reply

Your email address will not be published. Required fields are marked *