Punjab

ਅਕਾਲੀ ਦਲ ਨੇ ਰਾਜਾ ਵੜਿੰਗ ਨੂੰ ਪੁੱਛਿਆ ਇੱਕ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ 15 ਦਿਨਾਂ ਵਿੱਚ ਆਮਦਨ ਵਿੱਚ ਕੀਤੇ ਗਏ ਵਾਧੇ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜੋ 1700 ਕਰੋੜ ਰੁਪਏ ਦਾ ਜੋ ਪਿਛਲੇ ਸਾਲ ਘਾਟਾ ਪਿਆ, ਉਸ ਲਈ ਤੁਸੀਂ ਆਪਣੇ ਪਿਛਲੇ ਮੰਤਰੀਆਂ ਨੂੰ ਦੋਸ਼ੀ ਮੰਨਦੇ ਹੋ ਜਾਂ ਨਹੀਂ। ਤੁਸੀਂ ਖੁਦ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਇਸ ਵਿਭਾਗ ਵਿੱਚ ਬਹੁਤ ਵੱਡੀ ਘਪਲੇਬਾਜ਼ੀ ਹੋਈ ਹੈ। ਇਸ ਘਪਲੇਬਾਜ਼ੀ ਵਾਸਤੇ ਜ਼ਿੰਮੇਵਾਰ ਕੌਣ ਸੀ, ਇਸਦਾ ਜਵਾਬ ਦਿਉ।

ਦਰਅਸਲ, ਰਾਜਾ ਵੜਿੰਗ ਨੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ 21 ਦਿਨਾਂ ਵਿੱਚ ਅਸੀਂ ਟੈਕਸ ਡਿਫਾਲਟਰ ਅਤੇ ਗੈਰ-ਕਾਨੂੰਨੀ ਪਰਮਿਟ ਵਿਰੁੱਧ ਕਾਰਵਾਈ ਕੀਤੀ ਹੈ। ਇਨ੍ਹਾਂ ਸਮੇਤ ਹੋਰ ਕਈ ਕਾਰਨਾਂ ਕਰਕੇ ਅਸੀਂ 258 ਬੱਸਾਂ ਨੂੰ ਜ਼ਬਤ ਕੀਤਾ ਅਤੇ ਕਈ ਹੋਰਾਂ ਨੂੰ ਕੰਪਾਊਂਡ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਨੇ ਇਹ ਦਾਅਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ ਹੈ ਮਤਲਬ ਕਿ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀਆਂ ਹੋਈਆਂ ਹਨ, ਉਨ੍ਹਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਦੀਆਂ ਬੱਸਾਂ ਕੰਪਾਊਂਡ ਕੀਤੀਆਂ ਗਈਆਂ। ਇਸਦੇ ਨਾਲ ਹੀ ਸਰਕਾਰੀ ਖ਼ਜ਼ਾਨੇ ਵਿੱਚ ਹੁਣ ਤੱਕ 3.29 ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਹੋਈ ਹੈ, ਜਿਸ ਵਿੱਚ ਵੱਡੀਆਂ ਕੰਪਨੀਆਂ ਨੇ ਜ਼ਿਆਦਾ ਟੈਕਸ 25 ਫੀਸਦ ਸਾਨੂੰ ਦਿੱਤਾ। ਅਸੀਂ ਇਨ੍ਹਾਂ ਨੂੰ ਇੱਕ ਸਾਲ ਦੇ ਟੈਕਸ ਵਿੱਚ ਕੁੱਝ ਰਾਹਤ ਵੀ ਦਿੱਤੀ ਸੀ। ਇਨ੍ਹਾਂ ਵੱਡੇ ਲੋਕਾਂ ਨੂੰ ਸਾਲ 2020 ਦੇ ਮੁਕੰਮਲ ਟੈਕਸ ਵਿੱਚ ਲਗਭਗ 95 ਕਰੋੜ ਰੁਪਏ ਦੀ ਰਾਹਤ ਮਿਲ ਚੁੱਕੀ ਹੈ ਜੋ ਕਿ ਮੇਰੇ ਆਉਣ ਤੋਂ ਪਹਿਲਾਂ ਮਿਲੀ ਸੀ। ਹੁਣ ਨਵੀਂ ਰਾਹਤ ਦੇਣ ਦੀ ਤਜਵੀਜ਼ ਬਣ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲ ਪੀਆਰਟੀਸੀ ਅਤੇ ਪਨਬਸ ਦੀ ਬੁਕਿੰਗ 46 ਕਰੋੜ 28 ਲੱਖ ਸੀ ਅਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਪ੍ਰਤੀ ਦਿਨ ਦੀ ਬੁਕਿੰਗ ਹੈ। ਇਸ ਨਾਲ 17.24 ਫੀਸਦੀ ਆਮਦਨ ਵਿੱਚ ਵਾਧਾ ਹੋਇਆ ਹੈ। ਸਾਡੀਆਂ ਦੋਵਾਂ ਕੰਪਨੀਆਂ ਨੇ ਰੋਜ਼ਾਨਾ ਆਮਦਨ ਵਿੱਚ 53 ਲੱਖ ਰੁਪਏ ਪ੍ਰਤੀ ਦਿਨ ਬੁਕਿੰਗ ਵਿੱਚ ਵਾਧਾ ਕੀਤਾ ਹੈ।