Punjab

CU ਯੂਨੀਵਰਸਿਟੀ ਮਾਮਲੇ ਵਿੱਚ ADGP ਗੁਰਪ੍ਰੀਤ ਕੌਰ ਦਿਓ ਨੇ ਕੀਤੇ ਕਈ ਖੁਲਾਸੇ

ADGP Gurpreet Kaur Deo made many revelations in the CU University case

ਦ ਖ਼ਾਲਸ ਬਿਊਰੋ : ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ‘ਚ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ ‘ਚ  ਏਡੀਜੀਪੀ ਪੁਲਿਸ ਗੁਰਪ੍ਰੀਤ ਦਿਓ(ADGP Police Gurpreet Deo) ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਕਥਿਤ ਦੋਸ਼ੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ। ਇਸ ਦਾ ਫੋਨ ਵੀ ਪੁਲਿਸ ਨੇ ਜ਼ਬਤ ਕੀਤਾ ਹੈ ਤੇ ਸਾਈਬਰ ਸੈਲ ਇਸ ਦੀ ਪੂਰੀ ਜਾਂਚ ਕਰ ਰਿਹਾ ਹੈ । ਉਹਨਾਂ ਇਹ ਵੀ ਦੱਸਿਆ ਹੈ ਕਿ ਮੌਕੇ ‘ਤੇ ਮੌਜੂਦ ਕਈ ਕੁੜੀਆਂ ਨਾਲ ਗੱਲਬਾਤ ਕਰਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੀਆਂ ਕੁੜੀਆਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਥੇ ਰਹਿਣ ਆਈਆਂ ਨੇ ਤੇ ਇੱਕ ਦੂਜੇ ਨੂੰ ਬਹੁਤਾ ਜਾਣਦੀਆਂ ਨਹੀਂ ਹਨ। ਕਥਿਤ ਦੋਸ਼ੀ ਲੜਕੀ ਦੇ ਨਾਲ ਦੇ ਕਮਰਿਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਹੈ ਕਿ ਸਾਂਝੇ ਬਾਥਰੂਮ ‘ਚ ਉਸ ਕੁੜੀ ਵੱਲੋਂ ਮੋਬਾਇਲ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਬਾਥਰੂਮ ਦੇ ਦਰਵਾਜੇ ਦਾ ਥੱਲੇ ਫਰਸ਼ ਤੋਂ ਜਿਨਾਂ ‘ਕ ਗੈਪ ਸੀ,ਉਸ ਰਾਹੀਂ ਵੀਡੀਓ ਬਣਾਈ ਜਾ ਰਹੀ ਸੀ।

ਉਨ੍ਹਾਂ ਵਾਰਡਨ ਨੂੰ ਇਸਦੀ ਸ਼ਿਕਾਇਤ ਕੀਤੀ ਤੇ ਵਾਰਡਨ ਨੇ ਉਸਦਾ ਫੋਨ ਲੈ ਲਿਆ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਏਡੀਜੀਪੀ ਗੁਰਪ੍ਰੀਤ ਦਿਓ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹਨਾਂ ਕੁੜੀਆਂ ਨੇ ਇਹ ਸਾਫ਼ ਕੀਤਾ ਹੈ ਕਿ ਇਥੇ ਕੋਈ ਵੀ ਆਤਮਹੱਤਿਆ ਨਹੀਂ ਹੋਈ ਹੈ ,ਇਹ ਸਿਰਫ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਹਾਂ ਇੱਕ ਕੁੜੀ ਜ਼ਰੂਰ ਘਬਰਾਹਟ ਕਾਰਨੇ ਬੇਹੋਸ਼ ਹੋ ਗਈ ਸੀ।

ਉਹਨਾਂ ਕਿਹਾ ਕਿ ਬਾਅਦ ਵਿੱਚ ਪੁਲਿਸ ਨੇ ਜੱਦ ਮੁਬਾਇਲ ਨੂੰ ਫਰੋਲਿਆ ਤਾਂ ਉਸ ਵਿੱਚੋਂ ਕੁੱਝ ਵੀ ਇਤਰਾਜ਼ਯੋਗ ਨਹੀਂ ਸੀ। ਜਿਸ ਤੋਂ ਬਾਅਦ ਇਹਨਾਂ ਕੁੜੀਆਂ ਨੇ ਹੁਣ ਸੁੱਖ ਦਾ ਸਾਹ ਲਿਆ ਹੈ ।ਕੁੱਝ ਵੀਡੀਓ ਉਸ ਕੁੜੀ ਦੀਆਂ ਆਪਣੀਆਂ ਸਨ,ਜੋ ਕਿ ਉਸ ਨੇ ਖੁੱਦ ਆਪਣੇ ਮਿੱਤਰ ਮੁੰਡੇ ਨੂੰ ਭੇਜੀਆਂ ਸਨ। ਇਸ ਮੁੰਡੇ ਨੂੰ ਗ੍ਰਿਫਤਾਰ ਕਰਨ ਲਈ ਟੀਮ ਰਵਾਨਾ ਹੋ ਗਈ ਹੈ।

ਉਹਨਾਂ ਇਹ ਵੀ ਦੱਸਿਆ ਕਿ ਉਥੇ ਰਹਿ ਰਹੀਆਂ 4000 ਕੁੜੀਆਂ ਵਿਚੋਂ ਸਿਰਫ਼ ਵੀਹ ਕੁੜੀਆਂ ਹੀ ਇਸ ਮਾਮਲੇ ਨਾਲ ਸਬੰਧਤ ਹਨ ਪਰ ਸੋਸ਼ਲ ਮੀਡੀਆ ਤੇ ਹੋਰ ਹੀ ਕੁੜੀਆਂ ਆ ਕੇ ਭਰਮ ਫੈਲਾਉਣ ਵਾਲੇ ਬਿਆਨ ਦੇ ਰਹੀਆਂ ਹਨ।ਇਹਨਾਂ ਕੁੜੀਆਂ ਦੇ ਬਿਆਨਾਂ ਨੂੰ ਵੀ ਸਭ ਦੇ ਸਾਹਮਣੇ ਰੱਖਿਆ ਜਾਵੇਗਾ।

ਉਹਨਾਂ ਮੀਡੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਖ਼ਬਰ ਨੂੰ ਗਲਤ ਤਰੀਕੇ ਨਾਲ ਸਨਸਨੀ ਬਣਾ ਕੇ ਨਾ ਪੇਸ਼ ਕੀਤਾ ਜਾਵੇ। ਕੋਈ ਮੌਤ ਨਹੀਂ ਹੋਈ ਹੈ ਤੇ ਨਾ ਹੀ ਕਿਸੇ ਦੀ ਕੋਈ ਵੀਡੀਓ ਵਾਇਰਲ ਹੋਈ ਹੈ।
ਵਾਰਡਨ ਵਾਲੀ ਵਾਇਰਲ ਹੋਈ ਵੀਡੀਓ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਸਾਹਮਣੇ ਇਹ ਗੱਲ ਸਵੇਰੇ ਹੀ ਆਈ ਹੈ ਤੇ ਉਹ ਕਿਸੇ ਹੋਰ ਪਾਸੇ ਵਿਅਸਤ ਸਨ,ਜਿਸ ਕਾਰਨ ਉਹਨਾਂ ਹਾਲੇ ਇਹ ਵੀਡੀਓ ਨਹੀਂ ਦੇਖੀ ਹੈ ਪਰ ਐਸਐਸਪੀ ਸਾਹਿਬ ਸਾਹਿਬ ਦੇ ਦੱਸਣ ਦੇ ਮੁਤਾਬਕ ਉਹ ਲੜਕੀ ਨੂੰ ਉਸ ਦੇ ਕੀਤੇ ਲਈ ਡਾਂਟ ਰਹੀ ਸੀ।ਇਸ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਬਾਥਰੂਮ ਦੇ ਦਰਵਾਜੇ ਦਾ ਥੱਲੇ ਫਰਸ਼ ਤੋਂ ਕਿੰਨਾਂ ‘ਕ ਗੈਪ ਸੀ? ਇਹਨਾਂ 20 ਕੁੜੀਆਂ ਨੇ ਇਹ ਵੀ ਕਿਹਾ ਹੈ ਕਿ ਇਹ ਗੱਲ ਸਿਰਫ਼ ਵਾਰਡਨ ਤੇ ਇਹਨਾਂ ਕੁੜੀਆਂ ਵਿਚਾਲੇ ਸੀ ਪਰ ਕੁੱਝ ਹੋਰ ਕੁੜੀਆਂ ਨੇ ਇਸ ਦਾ ਐਵੇਂ ਹੀ ਰੌਲਾ ਪਾ ਦਿੱਤਾ ਹੈ।

ਇਸ ਤੋਂ ਇਲਾਵਾ ਕਥਿਤ ਤੋਰ ਤੇ ਜਿਸ ਮੁੰਡੇ ਨੂੰ ਵੀਡੀਓ ਭੇਜੇ ਜਾਣ ਦਾ ਇਲਜ਼ਾਮ ਲੱਗਾ ਹੈ,ਉਸ ਸਬੰਧੀ ਸਵਾਲ ਕੀਤ ਜਾਣ ਤੇ ਮੈਡਮ ਗੁਰਪ੍ਰੀਤ ਨੇ ਦੱਸਿਆ ਹੈ ਕਿ ਇਸ ਮੁੰਡੇ ਨੂੰ ਇੱਥੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਫੋਨ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਹਨਾਂ ਸਾਰੇ ਤੱਥਾਂ ਨੂੰ ਮਿਲਾਇਆ ਜਾਵੇਗਾ ਤੇ ਫਿਰ ਸਥਿਤੀ ਸਾਫ਼ ਹੋ ਸਕੇਗੀ। ਉਹਨਾਂ ਇਹ ਵੀ ਕਿਹਾ ਇਸ ਮਾਮਲੇ ਨੂੰ ਲੈ ਕੇ ਧਰਨਾ ਲਾ ਰਹੀਆਂ ਵਿਦਿਆਰਥਣਾਂ ਦਾ ਸਬੰਧ ਇਸ ਮਾਮਲੇ ਨਾਲ ਬਿਲਕੁਲ ਵੀ ਨਹੀਂ ਹੈ ।