Punjab

VIRAL VIDEO CASE :ਅੱਧੀ ਰਾਤ ਤੋਂ ਬਾਅਦ ਵਿਦਿਆਰਥੀਆਂ ਦਾ ਧਰਨਾ ਹੋਇਆ ਖਤਮ, ਦੋ ਮੁਲਜ਼ਮ ਨੌਜਵਾਨ ਗ੍ਰਿਫ਼ਤਾਰ

Chandigarh University leaked video Prime accused arrested from Shimla

ਮੋਹਾਲੀ : ਘੜੂੰਆਂ ਯੂਨੀਵਰਸਿਟੀ ਵਿੱਚ ਕਥਿਤ ਤੌਰ ‘ਤੇ ਹੋਸਟਲ ਵਿੱਚ ਕੁੜੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਵਿਦਿਆਰਥੀਆਂ ਦਾ ਧਰਨਾ ਰਾਤ 1.30 ਵਜੇ ਸਮਾਪਤ ਹੋ ਗਿਆ ਹੈ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੋਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ  ਨਾਨ-ਟੀਚਿੰਗ ਡੇ ਘੋਸ਼ਿਤ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਲੜਕੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਪੇ ਆਪਣੀਆਂ ਧੀਆਂ ਨੂੰ ਲੈਣ ਲਈ ਸਵੇਰੇ ਹੀ ਪਹੁੰਚ ਗਏ।

ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰਨ ਲਈ ਆਪਣੀਆਂ ਕੁੱਝ ਮੰਗਾਂ ਵੀ ਰੱਖੀਆਂ ਜਿਸ ਵਿੱਚ ਹੋਸਟਲ ਵਿੱਚ ਸਹੂਲਤਾਂ ਅਤੇ ਸਮੇਂ ਨੂੰ ਲੈ ਕੇ ਸ਼ਰਤਾਂ ਯੂਨੀਵਰਸਿਟੀ ਪਰ ਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ।

ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸ਼ਿਮਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋ ਮੁਲਜ਼ਮ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਟਰੈਵਲ ਏਜੈਂਟ ਹੈ ਅਤੇ ਦੂਜਾ ਬੇਕਰੀ ਉੱਤੇ ਕੰਮ ਕਰਦਾ ਹੈ। ਪੰਜਾਬ ਪੁਲਿਸ ਦੀ ਬੇਨਤੀ ਉੱਤੇ ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਡੀਟੇਨ ਕਰ ਲਿਆ ਸੀ। ਮਾਮਲਾ ਧਾਰਾ 354 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤਾ ਗਿਆ ਹੈ।

ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਅੱਜ ਤੋਂ ਇੱਕ ਹਫ਼ਤੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ। ਵਿਦਿਆਰਥੀ ਆਪਣੇ ਘਰ ਜਾ ਰਹੇ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਕੰਮ ‘ਤੇ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। ਲੜਕੀ ਵੀ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਹੈ। ਉਹ ਲੜਕਿਆਂ ਨੂੰ ਲੰਬੇ ਸਮੇਂ ਤੋਂ ਜਾਣਦੀ ਹੈ।

ਦੇਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੰਨੀ (23 ਸਾਲ) ਇੱਕ ਬੇਕਰੀ ਵਿੱਚ ਅਤੇ ਰੰਕਜ (31 ਸਾਲ) ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਰੰਕਜ ਮੂਲ ਰੂਪ ਵਿੱਚ ਥੀਓਗ ਦੇ ਸੰਧੂ ਖੇਤਰ ਦਾ ਰਹਿਣ ਵਾਲਾ ਹੈ। ਹੁਣ ਉਨ੍ਹਾਂ ਕੋਲੋਂ ਵੀਡੀਓ ਮੰਗਵਾਉਣ ਅਤੇ ਵਾਇਰਲ ਕਰਨ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਸੂਤਰਾਂ ਅਨੁਸਾਰ ਵਿਦਿਆਰਥੀਆਂ ਨੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਨੀਵਾਰ ਰਾਤ ਨੂੰ ਹੋਏ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ , ਲਾਠੀਚਾਰਜ ਦੀ ਜਾਂਚ, ਹਸਪਤਾਲ ‘ਚ ਦਾਖਲ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣ , ਗਰਲਜ਼ ਹੋਸਟਲ ਦਾ ਸਮਾਂ ਸਾਢੇ 8 ਵਜੇ ਤੋਂ ਵਧਾ ਕੇ 9:30 ਵਜੇ ਤੱਕ ਕਰਨ ਅਤੇ ਹੋਸਟਲ ਦੇ ਸਾਰੇ ਵਾਰਡਨ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਦੋਵਾਂ ਪਾਸਿਆਂ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।

ਐਤਵਾਰ ਨੂੰ ਯੂਨੀਵਰਸਿਟੀ ਪ੍ਰਬੰਧਨ ਨੇ ਪ੍ਰਦਰਸ਼ਨਕਾਰੀ ਵਿਦਿਆਰਥਣਾਂ ਨੂੰ ਰੋਕਣ ਲਈ ਟੈਗੋਰ ਹੋਸਟਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਇਸ ਤੋਂ ਬਾਅਦ ਵੀ ਲੜਕੀਆਂ 10 ਫੁੱਟ ਉੱਚੇ ਲੋਹੇ ਦੇ ਗੇਟ ‘ਤੇ ਚੜ੍ਹ ਕੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਗਈਆਂ। ਉਨ੍ਹਾਂ ‘ਸਾਨੂੰ ਇਨਸਾਫ਼ ਚਾਹੀਦਾ ਹੈ’ ਦੇ ਨਾਅਰੇ ਲਾਏ। ਕਈ ਵਿਦਿਆਰਥੀਆਂ ਨੇ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਵਿਦਿਆਰਥੀਆਂ ਨੇ ਯੂਨੀਵਰਸਿਟੀ ‘ਚ ਭਾਰੀ ਹੰਗਾਮਾ ਕੀਤਾ ਸੀ।

ਐਤਵਾਰ ਸਵੇਰੇ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਮਾਮਲੇ ਦੀ ਜਾਂਚ ਲਈ ਸੀਯੂ ਕੈਂਪਸ ਵਿੱਚ ਪੁੱਜੇ। ਸੀਯੂ ਮੈਨੇਜਮੈਂਟ ਦੇ ਨਾਲ-ਨਾਲ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਵਿਦਿਆਰਥੀ ਦੀ ਵੀਡੀਓ ਵਾਇਰਲ ਨਹੀਂ ਹੋਈ ਅਤੇ ਵਿਦਿਆਰਥੀਆਂ ਨੂੰ ਗਲਤਫਹਿਮੀ ਹੋਈ ਹੈ। ਇਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਰੋਸ ਹੈ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਮੁਤਾਬਕ ਦੋਸ਼ੀ ਵਿਦਿਆਰਥਣ ਨੇ ਖੁਦ ਮੰਨਿਆ ਹੈ ਕਿ ਉਸ ਨੇ ਹੋਸਟਲ ‘ਚ ਰਹਿਣ ਵਾਲੀਆਂ ਲੜਕੀਆਂ ਦੀਆਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀਆਂ ਪਰ ਪੰਜਾਬ ਪੁਲਸ ਕਹਿ ਰਹੀ ਹੈ ਕਿ ਲੜਕੀ ਨੇ ਸਿਰਫ ਆਪਣੀ ਵੀਡੀਓ ਬਣਾਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਨੇ ਲੜਕੀਆਂ ਦੇ ਕੱਪੜਿਆਂ ‘ਤੇ ਵੀ ਟਿੱਪਣੀਆਂ ਕੀਤੀਆਂ। ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਨਿਰਾਜਗੀ ਹੈ।

ਇਸ ਦੌਰਾਨ ਜਿੱਥੇ ਪੁਲਿਸ ਕਹਿ ਰਹੀ ਹੈ ਕਿ ਦੋਸ਼ੀ ਲੜਕੀ ਨੇ ਸਿਰਫ ਆਪਣੀ ਵੀਡੀਓ ਆਪਣੇ ਬੁਆਏਫ੍ਰੈਂਡ ਨੂੰ ਭੇਜੀ ਸੀ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਲੜਕੀ ਨੇ ਕਈ ਇਤਰਾਜ਼ਯੋਗ ਵੀਡੀਓ ਭੇਜੇ ਹਨ। ਕੇਜਰੀਵਾਲ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

ਦਰੱਅਸਲ ਸ਼ਨਿਚਰਵਾਰ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇਕ ਹੋਸਟਲ ਵਿੱਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਤੇ ਜਿਸ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਵੱਡੀ ਪੱਧਰ ’ਤੇ ਰੋਹ ਭੜਕ ਗਿਆ ਸੀ ਤੇ ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਵਿੱਚ ਰਹਿਣ ਵਾਲੀ ਇਕ ਲੜਕੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਰੋਸ ਮੁਜ਼ਾਹਰੇ ਦੌਰਾਨ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ।
ਯੂਨੀਵਰਸਿਟੀ ਦੇ ਕੁੜੀਆਂ ਦੇ ਇਕ ਹੋਸਟਲ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ।