‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਰੋਪੜ ਚੰਡੀਗੜ੍ਹ ਹਾਈਵੇਅ ਉੱਤੇ ਨੰਗਲ ਤੋਂ ਪਟਿਆਲੇ ਜਾ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਹਾਈਡ੍ਰੋਲਿਕ ਬ੍ਰੇਕ ਫੇਲ੍ਹ ਹੋਣ ਕਰਕੇ ਇਹ ਹਾਦਸਾ ਵਾਪਰਿਆ। ਜਦੋਂ ਬੱਸ ਦੇ ਡਰਾਈਵਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਡਰਾਈਵਰ ਨੇ ਸਮਝਦਾਰੀ ਦਿਖਾਉਂਦਿਆਂ ਸੜਕ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਦੀ ਕੰਧ ਵਿੱਚ ਬੱਸ ਮਾਰ ਦਿੱਤੀ, ਜਿਸ ਤੋਂ ਬਾਅਦ ਬੱਸ ਰੁਕ ਕੇ ਬੰਦ ਹੋ ਗਈ।

ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਇੱਕ ਬਜ਼ੁਰਗ ਬੀਬੀ ਦੇ ਸਿਰ ਵਿੱਚ ਥੋੜੀ ਜਿਹੀ ਸੱਟ ਲੱਗੀ ਹੈ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ ਉੱਤੇ ਐਂਬੂਲੈਂਸ ਬੁਲਾਈ ਗਈ ਸੀ ਤਾਂ ਜੋ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਤੇ ਸਮਾਂ ਰਹਿੰਦੇ ਹਸਪਤਾਲ ਭੇਜਿਆ ਜਾ ਸਕੇ। ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਬ੍ਰੇਕ ਫੇਲ੍ਹ ਤੋਂ ਬਾਅਦ ਜੇ ਡਰਾਈਵਰ ਸਮਝਦਾਰੀ ਨਾ ਦਿਖਾਉਂਦਿਆਂ ਬੱਸ ਨੂੰ ਸੜਕ ਉੱਤੇ ਹੀ ਚਲਾਈ ਜਾਂਦੇ ਤਾਂ ਸੜਕ ਉੱਤੇ ਚੱਲ ਰਹੇ ਹੋਰ ਕਈ ਵਾਹਨਾਂ ਨੂੰ ਨੁਕਸਾਨ ਪਹੁੰਚ ਜਾਣਾ ਸੀ। ਜਿਸ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਬੱਸ ਦੀ ਟੱਕਰ ਹੋਈ ਹੈ, ਉਹ ਤਰਨਾ ਦਲ ਦਾ ਗੁਰਦੁਆਰਾ ਹੈ। ਟੱਕਰ ਤੋਂ ਬਾਅਦ ਜਦੋਂ ਸਵਾਰੀਆਂ ਬੱਸ ਵਿੱਚੋਂ ਬਾਹਰ ਨਿਕਲੀਆਂ ਤਾਂ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਸਵਾਰੀਆਂ ਦੀ ਪਾਣੀ ਪਿਲਾ ਕੇ ਸੇਵਾ ਕੀਤੀ।