ਹਰਿਆਣਾ : ਪ੍ਰਸਿਧ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਤੇ ਕੱਲ ਹੀ ਪੁਲਿਸ ਦੀ ਗ੍ਰਿਫਤ ਵਿੱਚ ਆਏ ਦੀਪਕ ਮੁੰਡੀ ਦੇ ਘਰਵਾਲਿਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਗੁਬਾਰ ਕੱਢਿਆ ਹੈ । ਮੁੰਡੀ ਦੀ ਮਾਂ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਉਹਨਾਂ ਦਾ ਦੀਪਕ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਹੈ। ਰੱਬ ਇਸ ਤਰਾਂ ਦਾ ਕਪੁਤ ਕਿਸੇ ਨੂੰ ਵੀ ਨਾ ਦੇਵੇ। ਉਹ ਤਾਂ ਆਪਣੀ ਭੈਣ ਦੇ ਵਿਆਹ ਤੇ ਵੀ ਨਹੀਂ ਸੀ ਆਇਆ। ਜੇ ਉਸ ਨੇ ਕਿਸੇ ਦਾ ਪੁੱਤ ਮਾਰਿਆ ਹੈ ਤਾਂ ਉਸ ਨੂੰ ਸਜ਼ਾ ਮਿਲੇ। ਬੇਸ਼ੱਕ ਉਸ ਨੂੰ ਮਾਰ ਦਿਓ, ਉਹ ਉਸ ਦੀ ਲਾਸ਼ ਲੈਣ ਵੀ ਨਹੀਂ ਜਾਣਗੇ।

ਦੀਪਕ ਦੀ ਮਾਂ ਦੇ ਅਨੁਸਾਰ ਉਹ 6 ਮਹੀਨੇ ਪਹਿਲਾਂ ਘਰ ਆਇਆ ਸੀ ਪਰ ਕਿਸੇ ਵਜਾ ਕਾਰਨ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਸੀ ।ਭਾਵੁਕ ਹੁੰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਦੀ ਪਰਿਵਾਰ ਮਿਹਨਤ ਕਰ ਕੇ ਆਪਣੀ ਰੋਟੀ ਖਾਂਦਾ ਹੈ ਪਰ ਹੁਣ ਇਸ ਦੀ ਵਜਾ ਨਾਲ ਉਹਨਾਂ ਦਾ ਸਕੂਨ ਖਤਮ ਹੋ ਗਿਆ ਹੈ ।
ਉਹਨਾਂ ਇਹ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਹੁਣ ਮੁੰਡੀ ਉਹਨਾਂ ਦਾ ਕੁੱਝ ਨਹੀਂ ਲੱਗਦਾ। ਦੀਪਕ ਮੁੰਡੀ ਦੀ ਮਾਂ ਦੇ ਸ਼ਬਦ ਸਨ ਕਿ ਜਿਸ ਨੂੰ ਉਸ ਨੇ ਮਾਰਿਆ ਹੈ, ਉਹ ਵੀ ਕਿਸੇ ਦਾ ਪੁੱਤ ਹੋਵੇਗਾ। ਇਸ ਲਈ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਮੁੰਡੀ ਦੇ ਪਿਤਾ ਨੇ ਵੀ ਇਹ ਦੱਸਿਆ ਹੈ ਕਿ ਉਹਨਾਂ ਨੇ ਪਹਿਲਾਂ ਹੀ ਉਸ ਨੂੰ ਬੇਦਖਲ ਕੀਤਾ ਹੋਇਆ ਹੈ,ਹੁਣ ਉਹ ਮਰੇ ,ਚਾਹੇ ਜੀਵੇ ਪਰਿਵਾਰ ਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ।ਜੇਕਰ ਉਸ ਨੇ ਕਿਸੇ ਦਾ ਪੁੱਤ ਮਾਰਿਆ ਹੈ ਤਾਂ ਬੇਸ਼ਕ ਉਸ ਨੂੰ ਪੁਲਿਸ ਗੋਲੀ ਮਾਰ ਦੇਵੇ ਪਰ ਘਰ ਉਸ ਦੀ ਲਾਸ਼ ਵੀ ਨਹੀਂ ਆਉਣੀ ਚਾਹਿਦੀ।

ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਦੀਪਕ ਮੁੰਡੀ ਚਰਖੀ ਦਾਦਰੀ ਦੇ ਪਿੰਡ ਬੋਂਦ ਕਲਾਂ ਦਾ ਰਹਿਣ ਵਾਲਾ ਹੈ ਤੇ ਸਿੱਧੂ ਮੂਸੇਵਾਲੇ ਉਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਵਿਚ ਸ਼ਾਮਲ ਸੀ। ਇਸ ਮਾਮਲੇ ਵਿੱਚ ਸਿਰਫ਼ ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਸੀ,ਇਸ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।