Punjab

ਖਹਿਰਾ ਦੇ ਹੱਥ ਲੱਗੀ ਇਸ ‘ਆਪ’ ਵਿਧਾਇਕ ਦੀ ਆਡੀਓ ਰਿਕਾਰਡਿੰਗ

‘ਦ ਖ਼ਾਲਸ ਬਿਊਰੋ : ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਬਾਰੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਆਪਣੇ ਓਐਸਡੀ ਨਾਲ ਕਥਿਤ ਗੱਲਬਾਤ ਤੋਂ ਬਾਅਦ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਉਹ ਕੁਝ ਅਧਿਕਾਰੀਆਂ ਨੂੰ ਫਸਾ ਕੇ ਉਨ੍ਹਾਂ ਤੋਂ ਪੈਸੇ ਲੈਣ ਦੀ ਯੋਜਨਾ ਬਣਾ ਰਹੇ ਸਨ।

ਖਹਿਰਾ ਨੇ ਆਪਣੇ ਟਵਿਟਰ ਹੈਂਡਲ ‘ਤੇ ਆਡੀਓ ਕਲਿੱਪ ਵੀ ਜਾਰੀ ਕੀਤੀ ਹੈ ਜਿਸ ਵਿੱਚ ਮੰਤਰੀ ਕਥਿਤ ਤੌਰ ‘ਤੇ ਕੁਝ ਅਧਿਕਾਰੀਆਂ ਨੂੰ ਫਸਾਉਣ ਅਤੇ ਫਿਰ ਉਨ੍ਹਾਂ ਤੋਂ ਰਿਸ਼ਵਤ ਲੈਣ ਦੀ ਯੋਜਨਾ ਦੀ ਚਰਚਾ ਕਰ ਰਿਹਾ ਹੈ। ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਤਰੀ ਨੂੰ ਵੀ ਉਸੇ ਤਰ੍ਹਾਂ ਬਰਖਾਸਤ ਕਰਨਗੇ, ਜਿਸ ਤਰ੍ਹਾਂ ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਿਆ ਸੀ।

ਉਨ੍ਹਾਂ ਕਿਹਾ, ਭਾਵੇਂ ਮਾਨ ਨੇ ਡਾ: ਸਿੰਗਲਾ ਖ਼ਿਲਾਫ਼ ਬਹੁਤ ਸਾਰੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ, ਪਰ ਉਨ੍ਹਾਂ ਨੇ ਅਜੇ ਤੱਕ ਇਨ੍ਹਾਂ ਸਬੂਤਾਂ ਦਾ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਸਿੰਗਲਾ ਖ਼ਿਲਾਫ਼ ਅਦਾਲਤ ਵਿੱਚ ਕੋਈ ਸਬੂਤ ਪੇਸ਼ ਕਰ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਭਗਵੰਤ ਮਾਨ ਲਈ ਟੈਸਟ ਹੋਵੇਗੀ ਕਿ ਉਹ ਭ੍ਰਿਸ਼ਟਾਚਾਰ ਦੇ ਕਿੰਨੇ ਕੁ ਖਿਲਾਫ਼ ਹਨ।