ਨਿਜ਼ਾਰ (ਗੁਜਰਾਤ)/ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਸੂਬੇ ਵਿੱਚ ਸਰਕਾਰ ਬਣਾ ਕੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਗਰੀਬੀ ਨੂੰ ਖ਼ਤਮ ਕਰੇਗੀ।
ਬੁੱਧਵਾਰ ਨੂੰ ਨਿਜ਼ਾਰ ਵਿਖੇ ਆਪਣੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਦਲਾਅ ਦੀ ਲਹਿਰ ਹੈ ਕਿਉਂਕਿ ਗੁਜਰਾਤ ਦੇ ਲੋਕ ਭਾਜਪਾ ਦੀ ਅਸਫਲ ਸਰਕਾਰ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਹ ਖੁਦ ਕਹਿ ਰਹੇ ਹਨ ਕਿ ਉਹ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਗੁਜਰਾਤ ‘ਚ ਕ੍ਰਾਂਤੀ ਲਿਆਉਣ ਲਈ ਇੱਕ ਮੌਕਾ ‘ਆਪ’ ਨੂੰ ਦੇਣਾ ਚਾਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਲੋਕ ਗੁਜਰਾਤ ਵਿੱਚੋਂ ਭ੍ਰਿਸ਼ਟ ਭਾਜਪਾ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ, ਜਿਨ੍ਹਾਂ ਨੇ ਆਪਣੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਦੀ ਆਰਥਿਕਤਾ ਨੂੰ ਪਛਾੜਿਆ ਅਤੇ ਆਮ ਲੋਕਾਂ ਨੂੰ ਲੁੱਟਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਅੰਗਰੇਜ਼ਾਂ ਨਾਲੋਂ ਵੀ ਕਿਤੇ ਵੱਧ ਬੇਰਹਿਮੀ ਨਾਲ ਦੇਸ਼ ਦਾ ਪੈਸਾ ਲੁੱਟਿਆ ਹੈ ਅਤੇ ਇਸ ਲਈ ਲੋਕ ਇਸ ਵਾਰ ਚੰਗੇ ਭਵਿੱਖ ਲਈ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਮਾਨਦਾਰ ‘ਆਪ’ ਪਾਰਟੀ ਨੂੰ ਮੌਕਾ ਦੇ ਕੇ ਭਾਜਪਾ ਦੇ 27 ਸਾਲ ਪੁਰਾਣੇ ਘਟੀਆ ਸ਼ਾਸਨ ਨੂੰ ਖਤਮ ਕਰ ਦੇਣ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ‘ਆਪ’ ਝੂਠੇ ਵਾਅਦੇ ਨਹੀਂ ਕਰਦੀ ਅਤੇ ਜੋ ਵੀ ਗਾਰੰਟੀਆਂ ਦਿੰਦੀ ਹੈ ਉਨ੍ਹਾਂ ਨੂੰ ਪੂਰਾ ਕਰਦੀ ਹੈ ਜਦਕਿ ਗੁਜਰਾਤ ਸਮੇਤ ਪੂਰਾ ਦੇਸ਼ ਭਾਜਪਾ ਦੇ ਚੋਣ ਜੁਮਲਿਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ 7 ਮਹੀਨਿਆਂ ‘ਚ ਪੰਜਾਬ ‘ਚ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ‘ਚ ਪੂਰਾ ਕਰਨ ‘ਚ ਅਸਫਲ ਰਹੀਆਂ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਸ ਪਾਰਟੀ ਤੋਂ ਆਮ ਘਰਾਂ ਦੇ ਧੀਆਂ ਪੁੱਤ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਜਾਂਦੇ ਹਨ।