Punjab

ਕਿਡਨੀ ਫੇਲ੍ਹ ਹੋਈ ਤਾਂ ਇਸ ਪੰਜਾਬੀ ਕੁੜੀ ਨੇ MBBS ਦੀ ਸੀਟ ਛੱਡ ਦਿੱਤੀ ! ਠੀਕ ਹੋਣ ‘ਤੇ ਕਰੋੜਾਂ ਲਈ ਬਣੀ ਮਿਸਾਲ

radhika narula Left mbbs seat after kindey failure

ਬਿਊਰੋ ਰਿਪੋਰਟ : ਕਹਿੰਦੇ ਹਨ ਰੱਬ ਵੀ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਲਈ ਆਪ ਅੱਗੇ ਆਉਂਦੇ ਹਨ । ਟਾਂਡਾ ਦੀ ਪੰਜਾਬੀ ਕੁੜੀ ਰਾਧਿਆ ਇਸ ਦਾ ਉਦਾਰਹਣ ਹੈ । ਸ਼ੁਰੂ ਤੋਂ ਹੀ ਡਾਕਟਰ ਬਣਨ ਦੀ ਚਾਹ ਰੱਖਣ ਵਾਲੀ ਰਾਧਿਕਾ ਦੀਆਂ ਦੋਵੇ ਕਿਡਨੀਆਂ ਫੇਲ੍ਹ ਹੋ ਗਈਆਂ ਪਰ ਉਸ ਨੇ ਆਪਣਾ ਸੁਪਣਾ ਅਧੂਰਾ ਨਹੀਂ ਛੱਡਿਆ । 2020 ਵਿੱਚ ਉਸ ਨੇ NEET ਦਾ ਇਮਤਿਹਾਨ ਪਾਸ ਕੀਤਾ ਪਰ ਬਿਮਾਰੀ ਦੀ ਵਜ੍ਹਾ ਕਰਕੇ ਉਹ ਦਾਖਲਾ ਨਹੀਂ ਲੈ ਸਕੀ ਪਰ 2022 ਵਿੱਚ ਠੀਕ ਹੋਣ ਤੋਂ ਬਾਅਦ ਰਾਧਿਕਾ ਨੇ ਮੁੜ ਤੋਂ ਇਮਤਿਹਾਨ ਦਿੱਤਾ ਅਤੇ ਪਾਸ ਕਰਕੇ ਉਸ ਨੇ MBBS ਵਿੱਚ ਦਾਖਲਾ ਲਿਆ ਹੈ । ਰਾਧਿਕਾ ਦੇ ਪਿਤਾ ਅਮਿਤ ਨਰੂਲਾ ਦੱਸ ਦੇ ਹਨ ਕਿ ਕਿਵੇਂ ਉਨ੍ਹਾਂ ਦੀ ਧੀ ਨੇ ਹੌਸਲਾ ਰੱਖ ਦੇ ਹੋਏ ਆਪਣਾ ਡਾਕਟਰ ਬਣਨ ਦਾ ਸੁਪਣਾ ਪੂਰਾ ਕੀਤਾ ਹੈ ।

ਪਿਤਾ ਅਮਿਤ ਨਰੂਲਾ ਮੁਤਾਬਿਕ 2020 ਵਿੱਚ ਰਾਧਿਕਾ ਨੇ NEET ਦਾ ਇਮਤਿਹਾਨ ਪਾਸ ਕੀਤਾ ਸੀ। ਇਸ ਦੌਰਾਨ ਰਾਧਿਕਾ ਦੀ ਕਿਡਨੀ ਫੇਲ੍ਹ ਹੋਣ ਦੀ ਜਾਣਕਾਰੀ ਡਾਕਟਰਾਂ ਨੇ ਉਨ੍ਹਾਂ ਨੂੰ ਦਿੱਤੀ । ਪਿਤਾ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਸਨ ਤਾਂ ਉਨ੍ਹਾਂ ਨੂੰ ਇਕ ਮੈਡੀਕਲ ਕਾਲਜ ਤੋਂ ਫੋਨ ਆਇਆ ਕਿ ਰਾਧਿਕਾ ਦਾ ਦਾਖਲਾ ਹੋ ਗਿਆ ਹੈ। ਇਹ ਉਹ ਸਮਾਂ ਸੀ ਕਿ ਪਰਿਵਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਖੁਸ਼ੀ ਮਨਾਉਣ ਜਾਂ ਫਿਰ ਕੀ ਕਰਨ । ਰਾਧਿਕਾ ਦੇ ਹੌਸਲੇ ਨੂੰ ਵੇਖ ਦੇ ਹੋਏ ਪਰਿਵਾਰ ਨੇ ਹਿੰਮਤ ਨਹੀਂ ਹਾਰੀ । ਹਾਲਾਕਿ ਡਾਕਟਰਾਂ ਨੇ ਸਾਫ਼ ਕਰ ਦਿੱਤਾ ਸੀ ਕਿ ਰਾਧਿਕਾ ਜਾਂ ਤਾਂ ਪੂਰੀ ਜ਼ਿੰਦਗੀ ਡਾਇਲਸਿਸ ‘ਤੇ ਰਹੇਗੀ ਜਾਂ ਫਿਰ ਉਸ ਦੀ ਕਿਡਨੀ ਟਰਾਂਸਪਲਾਂਟ ਹੋਵੇਗੀ । ਪੂਰੇ ਪਰਿਵਾਰ ਨੇ ਕਿਡਨੀ ਟਰਾਂਸਪਲਾਂਟ ਦੇ ਲਈ ਚੰਡੀਗੜ੍ਹ,ਲੁਧਿਆਣਾ,ਜਲੰਧਰ,ਦਿੱਲੀ ਤੱਕ ਦੇ ਚੱਕਰ ਕੱਟੇ ਪਰ ਕੋਈ ਵੀ ਡੋਨਰ ਨਹੀਂ ਮਿਲਿਆ । ਫਿਰ ਰਾਧਿਕਾ ਦੀ ਮਾਂ ਰੁਚੀ ਨਰੂਲਾ ਨੇ ਧੀ ਨੂੰ ਕਿਡਨੀ ਦੇਣ ਦਾ ਫੈਸਲਾ ਲਿਆ ।

23 ਸਤੰਬਰ 2021 ਨੂੰ ਰਾਧਿਕਾ ਦੀ ਕਿਡਨੀ ਟਰਾਂਸਪਲਾਂਟ ਹੋਈ । ਇਸ ਤੋਂ ਬਾਅਦ ਉਹ ਘਰ ਵਿੱਚ ਅਰਾਮ ਕਰਦੀ ਰਹੀ । ਪਿਤਾ ਅਮਿਤ ਨਰੂਲਾ ਮੁਤਾਬਿਕ ਜੁਲਾਈ 2022 ਨੂੰ ਰਾਧਿਆ ਘਰੋਂ NEET ਦਾ ਇਮਤਿਹਾਨ ਦੇਣ ਲਈ ਪਹਿਲੀ ਵਾਰ ਬਾਹਰ ਨਿਕਲੀ । ਜਦੋਂ ਨਤੀਜਾ ਆਇਆ ਤਾਂ ਰਾਧਿਕਾ ਦਾ NEET ਦੇ ਇਮਤਿਹਾਨ ਵਿੱਚ 977 ਰੈਂਕ ਆਇਆ। ਜਿਸ ਤੋਂ ਬਾਅਦ ਹੁਣ ਉਸ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਮਿਲ ਗਿਆ ਹੈ ।
ਰਾਧਿਕਾ ਹੁਣ ਠੀਕ ਹੈ ਅਤੇ ਇਸ ਦੇ ਲਈ ਉਹ ਆਪਣੀ ਮਾਂ ਦਾ ਧੰਨਵਾਦ ਕਰਦੀ ਹੈ ਜਿੰਨਾਂ ਨੇ ਉਸ ਦੀ ਜਾਨ ਬਚਾਉਣ ਦੇ ਲਈ ਆਪਣੀ ਕਿਡਨੀ ਦਿੱਤੀ । ਰਾਧਿਕਾ ਨੇ ਦੱਸਿਆ ਕਿ ਇਕ ਪਾਸੇ ਮੌਤ ਸੀ ਦੂਜੇ ਪਾਸੇ ਉਸ ਦਾ ਪਰਿਵਾਰ ਨਾਲ ਖੜਾ ਸੀ । ਪਰ ਪਰਿਵਾਰ ਦੀ ਹਿੰਮਤ ਦੀ ਵਜ੍ਹਾ ਕਰਕੇ ਉਸ ਨੇ ਮੌਤ ਨੂੰ ਮਾਤ ਦੇ ਦਿੱਤੀ ਹੈ ।