India

ਹੁਣ ਹਿੰਦੀ ਵਿੱਚ ਹੋਵੇਗੀ ਡਾਕਟਰੀ ਦੀ ਪੜ੍ਹਾਈ, ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਇਸਦੀ ਦੀ ਸ਼ੁਰੂਆਤ

Amit Shah To Launch Hindi Syllabus Of Medical Education In Bhopal On October 16

ਭੋਪਾਲ : ਮੱਧ ਪ੍ਰਦੇਸ਼ (Madhya Pradesh) ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਐਮਬੀਬੀਐਸ (Medical Education) ਦੀ ਪੜ੍ਹਾਈ ਅੰਗਰੇਜ਼ੀ (English) ਦੇ ਨਾਲ-ਨਾਲ ਹਿੰਦੀ (Hindi Syllabus) ਵਿੱਚ ਵੀ ਕਰਵਾਈ ਜਾਵੇਗੀ, ਤਾਂ ਜੋ ਹਿੰਦੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਵੀ ਚੰਗੀ ਤਰ੍ਹਾਂ ਸਮਝਾਇਆ ਜਾ ਸਕੇ। ਇਸ ਲਈ ਵੱਖਰੀਆਂ ਕਿਤਾਬਾਂ (Books) ਤਿਆਰ ਕੀਤੀਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 16 ਅਕਤੂਬਰ ਨੂੰ ਇੱਥੇ ਇੱਕ ਸਮਾਗਮ ਵਿੱਚ ਹਿੰਦੀ ਵਿੱਚ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਲਈ ਮੱਧ ਪ੍ਰਦੇਸ਼ ਸਰਕਾਰ ਦੀ ਅਭਿਲਾਸ਼ੀ ਯੋਜਨਾ ਦੀ ਸ਼ੁਰੂਆਤ ਕਰਨਗੇ। ਇਕ ਸੀਨੀਅਰ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਮੋਤੀ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੈਡੀਕਲ ਸਿੱਖਿਆ ਦੇ ਹਿੰਦੀ ਕੋਰਸ ਦੀ ਪਾਠ ਪੁਸਤਕ ਰਾਹੀਂ ਪੜ੍ਹਾਈ ਕਰਵਾਉਣ ਦੇ ਕਾਰਜ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਇਹ ਆਪਣੀ ਮਾਂ ਬੋਲੀ ਦੇ ਮਾਣ ਨੂੰ ਸਥਾਪਿਤ ਕਰਨ ਦਾ ਪ੍ਰੋਗਰਾਮ ਹੈ ਅਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਇਹ ਇਕ ਇਤਿਹਾਸਕ ਘਟਨਾ ਹੈ।

ਉਨ੍ਹਾਂ ਕਿਹਾ ਕਿ ਇਹ ਇੱਕ ਉਦਾਹਰਣ ਸਾਬਤ ਕਰਨ ਲਈ ਹੋਵੇਗੀ ਕਿ ਖਾਸ ਵਿਸ਼ੇ ਅੰਗਰੇਜ਼ੀ ਵਿੱਚ ਹੀ ਨਹੀਂ ਬਲਕਿ ਹਿੰਦੀ ਵਿੱਚ ਪੜ੍ਹਾਏ ਜਾ ਸਕਦੇ ਹਨ। ਚੌਹਾਨ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਮੈਡੀਕਲ ਸਿੱਖਿਆ ਤੋਂ ਇਲਾਵਾ ਇੰਜੀਨੀਅਰਿੰਗ, ਨਰਸਿੰਗ ਅਤੇ ਪੈਰਾ-ਮੈਡੀਕਲ ਕੋਰਸ ਵੀ ਹਿੰਦੀ ਵਿੱਚ ਪੜ੍ਹਾਏ ਜਾਣਗੇ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਲੋਕਾਂ ਖਾਸ ਕਰਕੇ ਹਿੰਦੀ ਮਾਹਿਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿਉਂਕਿ ਇਸ ਦਾ ਉਦੇਸ਼ ਭਾਸ਼ਾ ਪ੍ਰਤੀ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਹੈ। ਸਿਲੇਬਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸਾਰੰਗ ਨੇ ਕਿਹਾ, “ਫਿਜ਼ਿਓਲੋਜੀ, ਬਾਇਓਕੈਮਿਸਟਰੀ ਅਤੇ ਐਨਾਟੋਮੀ ਵਰਗੇ ਵਿਸ਼ਿਆਂ ਲਈ ਕਿਤਾਬਾਂ ਦੀ ਪਹਿਲੀ ਲੜੀ ਤਿਆਰ ਹੈ ਅਤੇ ਇਹ ਕਿਤਾਬਾਂ ਐਮਬੀਬੀਐਸ ਦੇ ਪਹਿਲੇ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ।”

ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਟੀਮ ਵੱਲੋਂ ਤਿੰਨ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਸਤਕਾਂ ਦੀ ਦੂਜੀ ਜਿਲਦ ਤਿਆਰ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਖ਼ਸ ਸਾਰੰਗ ਨੇ ਦੱਸਿਆ, “ਕਿਤਾਬਾਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਕਿ ਇਸ ਵਿੱਚ ਬਲੱਡ ਪ੍ਰੈਸ਼ਰ, ਰੀੜ੍ਹ ਦੀ ਹੱਡੀ, ਦਿਲ, ਗੁਰਦਾ, ਜਿਗਰ ਜਾਂ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ ਵਰਗੇ ਤਕਨੀਕੀ ਸ਼ਬਦ ਅਤੇ ਸਬੰਧਤ ਸ਼ਬਦ ਹਿੰਦੀ ਵਿੱਚ ਲਿਖੇ ਗਏ ਹਨ।” ਉਨ੍ਹਾਂ ਨੇ ਕਿਹਾ ਕਿ “ਅਸੀਂ ਪਾਠ ਪੁਸਤਕਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਹਿੰਦੀ ਵਿਚ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲੇ ਕੋਰਸ ਪੂਰਾ ਕਰਨ ਤੋਂ ਬਾਅਦ ਪਿੱਛੇ ਨਾ ਰਹਿਣ, ਕਿਉਂਕਿ ਉਹ ਸਾਰੇ ਤਕਨੀਕੀ ਅਤੇ ਮੈਡੀਕਲ ਸ਼ਬਦ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਵਿਚ ਵੀ ਸਿੱਖਣਗੇ।” ਸਾਰੰਗ ਨੇ ਦੱਸਿਆ ਕਿ ਪਹਿਲੇ ਸਾਲ ਵਿੱਚ ਵਿਦਿਆਰਥੀਆਂ ਨੂੰ ਮੁੱਖ ਤੌਰ ’ਤੇ ਤਿੰਨ ਵਿਸ਼ੇ (ਫਿਜ਼ੀਓਲੋਜੀ, ਐਨਾਟੋਮੀ ਅਤੇ ਬਾਇਓਕੈਮਿਸਟਰੀ) ਪੜ੍ਹਾਏ ਜਾਂਦੇ ਹਨ।