ਬਿਊਰੋ ਰਿਪੋਰਟ : ਪੰਜਾਬ ਆਪ ਦੇ ਇੱਕ ਹੋਰ ਵਿਧਾਇਕ ਜਲਦ ਹੀ ਵਿਆਹ ਕਰਨ ਜਾ ਰਹੇ ਹਨ । ਫਾਜ਼ਿਲਕਾ ਤੋਂ AAP ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਾਨਾ ਨੇ ਆਪਣੀ ਹੋਣ ਵਾਲੀ ਪਤਨੀ ਖੁਸ਼ਬੂ ਦੇ ਨਾਲ ਮਹਿੰਦੀ ਸੈਰਾਮਨੀ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਆਹ ‘ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀਆਂ ਦੇ ਨਾਲ ਵਿਧਾਇਕ ਵੀ ਸ਼ਾਮਲ ਹੋਣਗੇ। ਨਰਿੰਦਰ ਪਾਲ ਸਿੰਘ ਸਵਾਨਾ ਆਪ ਦੀ ਟਿਕਟ ‘ਤੇ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਬੀਜੇਪੀ ਦੇ ਦਿੱਗਜ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਤਕਰੀਬਨ 27 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ । ਜਿਆਣੀ ਪੰਜਾਬ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਦੀ ਲਿਸਟ ਵਿੱਚ ਸ਼ਾਮਲ ਹਨ । ਫਿਲਹਾਲ ਨਰਿੰਦਰ ਪਾਲ ਸਿੰਘ ਸਵਾਨਾ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਵਿਧਾਇਕ ਨਰਿੰਦਰ ਪਾਲ ਸਿੰਘ ਸਵਾਨਾ ਅਤੇ ਖੁਸ਼ਬੂ ਦੇ ਵਿਆਹ ਦੀ ਤੈਅ ਤਰੀਕ ਤੋਂ ਪਹਿਲਾਂ ਦੋਵਾਂ ਦੇ ਘਰਾਂ ਵਿੱਚ ਜ਼ੋਰਾ-ਸ਼ੋਰਾ ਨਾਲ ਵਿਆਹ ਦੀ ਤਿਆਰੀ ਚੱਲ ਰਹੀ ਹੈ । ਮਹਿੰਦੀ ਸਮੇਤ ਸਾਰੀ ਰਸਮਾ ਨੂੰ ਨਿਭਾਇਆ ਜਾਵੇਗਾ ।
CM ਮਾਨ ਨੇ 2022 ਵਿੱਚ ਦੂਜਾ ਵਿਆਹ ਕਰਵਾਇਆ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਸੀ । ਮੁੱਖ ਮੰਤਰੀ ਨਿਵਾਸ ਵਿੱਚ ਹੀ ਸਾਦਾ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ,ਰਾਜਸਭਾ ਦੇ ਐੱਮਪੀ ਰਾਘਵ ਚੱਢਾ,ਪੰਜਾਬ ਆਪ ਦੇ ਸਾਬਕਾ ਪ੍ਰਭਾਰੀ ਸੰਜੇ ਸਿੰਘ ਸ਼ਾਮਲ ਹੋਏ ਸਨ ।
ਨਰਿੰਦਰ ਕੌਰ ਭਰਾਜ ਦਾ ਅਕਤੂਬਰ ਵਿੱਚ ਵਿਆਹ ਹੋਇਆ
ਭਗਵੰਤ ਮਾਨ ਤੋਂ ਬਾਅਦ 8 ਅਕਤੂਬਰ ਨੂੰ ਸੰਗਰੂਰ ਤੋਂ ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਵਿਆਹ ਕਰਵਾਇਆ ਸੀ । ਉਨ੍ਹਾਂ ਦਾ ਵਿਆਹ ਮਨਦੀਪ ਸਿੰਘ ਨਾਲ ਹੋਇਆ ਸੀ । ਦੋਵਾ ਨੇ ਇੱਕ ਹੀ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ । ਵਿਆਹ ਪਟਿਆਲਾ ਨੇੜਲੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਸਾਦੇ ਸਮਾਗਮ ਵਿੱਚ ਹੋਇਆ ਸੀ । ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਸੀਐੱਮ ਦੀ ਮਾਤਾ ਹਰਪਾਲ ਕੌਰ ਵੀ ਪਹੁੰਚੇ ਸਨ । ਬਾਅਦ ਵਿੱਚੋਂ ਜੋੜੇ ਨੇ ਰਿਸੈਪਸ਼ਨ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਵੀ ਪਹੁੰਚੇ ਸਨ।
ਪੰਜਾਬ ਕੈਬਨਿਟ ਵਿੱਚ 3 ਮੰਤਰੀ ਕੁਆਰੇ
ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਤਿੰਨ ਮੰਤਰੀ ਕੁਆਰੇ ਹਨ । ਇੰਨਾਂ ਵਿੱਚੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਖੇਡ ਮੰਤਰੀ ਮੀਤ ਹੇਅਰ ਅਤੇ ਸਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਦਾ ਨਾਂ ਸ਼ਾਮਲ ਹੈ । ਇਸ ਤੋਂ ਇਲਾਵਾ ਵਿਧਾਨਸਭਾ ਚੋਣਾਂ ਵਿੱਚ ਜਨਤਾ ਨੇ ਆਪ ਦੇ ਕਈ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਇਆ ਜਿੰਨਾਂ ਦੀ ਉਮਰ ਬਹੁਤ ਹੀ ਛੋਟੀ ਸੀ । ਆਪ ਦੇ 92 ਵਿਧਾਇਕਾਂ ਦੀ ਲਿਸਟ ਵਿੱਚ ਕੁਆਰੇ ਵਿਧਾਇਕਾਂ ਦੀ ਲਿਸਟ ਵੀ ਕਾਫੀ ਲੰਮੀ ਹੈ।