‘ਦ ਖ਼ਾਲਸ ਬਿਊਰੋ : ਬਰੈਂਪਟਨ ਸਿਟੀ ਨੂੰ ਪਹਿਲਾ ਦਸਤਾਰਧਾਰੀ ਡਿਪਟੀ ਮੇਅਰ ਮਿਲਿਆ ਹੈ। ਪਹਿਲੇ ਦਸਤਾਰਧਾਰੀ ਸਿੱਖ ਹਰਕੀਰਤ ਸਿੰਘ ਨੂੰ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ ਵਜੋਂ ਨਿਯੁਕਤੀ ਕੀਤਾ ਗਿਆ ਹੈ। ਸ਼ਹਿਰ ਨਿਵਾਸੀਆਂ ਨੇ ਕੈਨੇਡਾ ਦੇ ਜੰਮਪਲ, ਇਮਾਨਦਾਰ ਤੇ ਮਿਹਨਤੀ ਪੜ੍ਹੇ ਲਿਖੇ ਨੌਜਵਾਨ ਹਰਕੀਰਤ ਸਿੰਘ ਨੂੰ ਸਰਬਸੰਮਤੀ ਨਾਲ ਸਿਟੀ ਆਫ ਬਰੈਂਪਟਨ ਦਾ ਡਿਪਟੀ ਮੇਅਰ ਨਿਯੁਕਤ ਕਰਨ ਲਈ ਮੇਅਰ ਪੈਟਰਿਕ ਬ੍ਰਾਊਨ ਅਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਕਈ ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ਉੱਤੇ ਝੰਡੇ ਗੱਡੇ ਹਨ। ਕੈਨੇਡਾ ਦੇ ਰਾਜ ਵਿਨੀਪੈਗ ਵਿੱਚ ਤਾਂ ਹਰ ਸਾਲ 13 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਪੱਗੜੀ ਦਿਵਸ ਵਜੋਂ ਮਨਾਇਆ ਜਾਵੇਗਾ। ਵਿਨੀਪੈਗ ਦੀ ਪਾਰਲੀਮੈਂਟ ‘ਚ ਵਿਸਾਖੀ ਵਾਲੇ ਦਿਨ ਪੱਗੜੀ ਦਿਵਸ ਵਜੋਂ ਮਨਾਉਣ ਦਾ ਬਿੱਲ ਪਾਸ ਹੋਇਆ ਹੈ। 227 ਨੰਬਰ ਬਿੱਲ ਨੂੰ ਪੱਗੜੀ ਦਿਹਾੜਾ ਐਕਟ ਬਣਾਉਣ ਲਈ ਇਹ ਬਿੱਲ ਵਿਨੀਪੈਗ ਦੇ ਸੰਸਦੀ ਖੇਤਰ ਬੁਰੋਜ਼ ਦੇ ਐੱਮ ਐੱਲ ਏ ਡਾ. ਦਿਲਜੀਤ ਬਰਾੜ ਨੇ ਪੇਸ਼ ਕੀਤਾ ਸੀ।

ਅਮਰੀਕਾ ਵਿੱਚ ਵਸਦੇ ਇੱਕ ਪੰਜਾਬੀ ਪਰਿਵਾਰ ਦੇ ਫ਼ਰਜੰਦ ਸੁਖਬੀਰ ਸਿੰਘ ਤੂਰ ਨੇ ਇਤਿਹਾਸ ਵਿੱਚ ਪਹਿਲੇ ਦਸਤਾਰਧਾਰੀ ਅਮਰੀਕੀ ਸਮੁੰਦਰੀ ਕਪਤਾਨ ਬਣਨ ਦਾ ਮਾਣ ਹਾਸਿਲ ਕੀਤਾ। ਕੈਪਟਨ ਤੂਰ ਪੰਜ ਸਾਲਾਂ ਤੋਂ ਯੂਐਸਐਮਸੀ ਯੁਨਾਇਟਿਡ ਸਟੇਟਸ ਮੈਰਾਨੇ ਕੋਰ ਦੇ ਮੈਂਬਰ ਹਨ। ਕਾਫ਼ੀ ਸੰਘਰਸ਼ ਤੇ ਕਈ ਪਟੀਸ਼ਨਾਂ ਤੋਂ ਬਾਅਦ, ਆਖਿਰਕਾਰ ਕੋਰ ਨੇ ਉਹਨਾਂ ਨੂੰ ਆਪਣੀ ਰੋਜ਼ਾਨਾ ਵਰਦੀ ਦੇ ਨਾਲ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ। ਅਮਰੀਕੀ ਮਰੀਨ ਕੋਰ ਦੇ 246 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਅਕਤੀ ਨੂੰ ਅਜਿਹੀ ਰਿਆਇਤ ਦਿੱਤੀ ਗਈ ਹੋਵੇ।
ਹਾਲਾਂਕਿ ਇਸ ਰਿਆਇਤ ਦੇ ਬਾਵਜੂਦ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਸਨ,ਜਿਵੇਂ ਕਿ ਲੜਾਈ ਦੀਆਂ ਸਥਿਤੀਆਂ ਵਿੱਚ ਜਾਂ ਸਿਖਲਾਈ ਅਭਿਆਸਾਂ ਦੌਰਾਨ ਦਸਤਾਰ ਪਹਿਨਣ ਉੱਤੇ ਮਨਾਹੀ ਹੋਵੇਗੀ।
ਵਾਸ਼ਿੰਗਟਨ ਵਿੱਚ ਜਨਮੇ ਤੂਰ ਦਾ ਪਾਲਣ-ਪੋਸ਼ਣ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਹੋਇਆ। ਉਸਨੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਯੂਐਸਐਮਸੀ ਵਿੱਚ ਸ਼ਾਮਲ ਹੋਣ ਦਾ ਆਪਣਾ ਮਨ ਬਣਾ ਲਿਆ ਸੀ ਅਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਫੌਜੀ ਇਤਿਹਾਸ ਵਿੱਚ ਡਿਗਰੀ ਪ੍ਰਾਪਤ ਕੀਤੀ।ਸ਼ੁਰੂ ‘ਚ ਹੀ ਤੂਰ ਨੂੰ ਸਿੱਖ ਹੋਣ ਦੀ ਕੁਰਬਾਨੀ ਵੀ ਦੇਣੀ ਪਈ ਸੀ ਅਤੇ 2019 ਵਿੱਚ ਲੈਫਟੀਨੇਟ ਹੁੰਦਿਆਂ ਉਸਨੇ ਆਪਣੇ ਸਿੱਖੀ ਕਕਾਰ ਪਹਿਨਣ ਲਈ ਅਰਜ਼ੀ ਦਿੱਤੀ ਸੀ ਤੇ ਇੱਥੇ ਪਹਿਲੀ ਵਾਰ ਹੋਇਆ,ਜਦੋਂ ਕਿਸੇ ਨੂੰ ਦਸਤਾਰ ਸਜਾਉਣ ਦੀ ਪ੍ਰਵਾਨਗੀ ਮਿਲੀ ਹੋਵੇ।
ਅਮਰੀਕਾ ਦੀ ਹਵਾਈ ਫ਼ੌਜ ‘ਚ ਵੀ ਪਹਿਲੇ ਦਸਤਾਰਧਾਰੀ ਸਿੱਖ ਨੂੰ ਥਾਂ ਮਿਲੀ। ਭਾਰਤੀ ਸਿੱਖ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਸ਼ਰਨ ਸਿੰਘ ਵਿਰਕ ਨੇ ਪਹਿਲੇ ਸਾਬਤ ਸਿੱਖ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ‘ਚ ਸ਼ਾਮਿਲ ਹੋਣ ਦਾ ਮਾਣ ਹਾਸਲ ਕੀਤਾ ਹੈ।
ਨਵਜੀਤ ਕੌਰ ਬਰਾੜ ਬਰੈਂਪਟਨ ਸਿਟੀ ‘ਚ ਜਿੱਤ, ਬਣੀ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
ਕੈਨੇਡਾ ਦੇ ਨਿਊ ਬਰੈਂਪਟਨ ਸਿਟੀ ਕੌਂਸਲਰ ਦੇ ਅਹੁਦੇ ਲਈ ਪਹਿਲੀ ਵਾਰ ਦਸਤਾਰਧਾਰੀ ਸਿੱਖ ਔਰਤ ਨਵਜੀਤ ਕੌਰ ਬਰਾੜ ਦੀ ਚੋਣ ਹੋਈ। ਬਰਾੜ ਬਰੈਂਪਟਨ ਸਿਟੀ ਦੇ ਕੌਂਸਲਰ ਲਈ ਵਾਰਡ ਨੰਬਰ ਦੋ ਅਤੇ ਛੇ ਲਈ ਚੁਣੀ ਗਈ। ਬਰੈਂਪਟਨ ਸਿਟੀ ਕੌਂਸਲ ‘ਚ 4 ਨਵੇਂ ਉਮੀਦਵਾਰਾਂ ‘ਚੋਂ ਨਵਜੀਤ ਕੌਰ ਬਰਾੜ ਨੇ 28 ਫ਼ੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਊਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ।