ਦਿੱਲੀ : ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਅਸਤੀਫਾ ਦੇ ਦਿੱਤਾ ਹੈ।ਜਿਸ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਵਾਨ ਕਰ ਲਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਅੱਜ ਮੀਟਿੰਗ ਹੋਈ ਸੀ।ਜਿਸ ਵਿੱਚ ਕਿਸਾਨੀ ਮੰਗਾਂ, ਲਖੀਮਪੁਰ ਖੀਰੀ ਮਾਮਲਾ ਤੇ ਅਗਲੇ ਸੰਘਰਸ਼ ਨੂੰ ਲੈ ਕੇ ਚਰਚਾ ਹੋਈ ਤੇ ਇਸ ਮਗਰੋਂ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ‘ਚ ਇਹ ਐਲਾਨ ਕੀਤਾ ਗਿਆ ਕਿ ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ‘ਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸਤੀਫ਼ੇ ਪਿੱਛੇ ਘਰੇਲੂ ਕਾਰਨ ਦੱਸੇ ਗਏ ਹਨ।

ਯੋਗੇਂਦਰ ਯਾਦਵ

ਇਸ ਤੋਂ ਇਲਾਵਾ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਸ਼ਹੀਦ ਹੋਏ ਕਿਸਾਨਾਂ ਲਈ ਪ੍ਰੋਗਰਾਮ ਜਾਰੀ ਰਹਿਣਗੇ।
ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਲਖੀਮਪੁਰ ਖੀਰੀ ਕਾਂਡ ਦੀ ਯਾਦ ਵਿੱਚ 3 ਅਕਤੂਬਰ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ ਤੇ 26 ਨਵੰਬਰ ਨੂੰ, ਜਿਸ ਦਿਨ ਅੰਦੋਲਨ ਸ਼ੁਰੂ ਹੋਇਆ ਸੀ,ਤੇ 27 ਨਵੰਬਰ ਨੂੰ ਵਿਸ਼ੇਸ਼ ਸਮਾਗਮ ਹੋਣਗੇ।

ਇਸ ਤੋਂ ਇਲਾਵਾ ਚੱਕਾ ਜਾਮ ਪ੍ਰੋਗਰਾਮ,ਜੈ ਜਵਾਨ ਜੈ ਕਿਸਾਨ ਸੰਮੇਲਨ,ਲਖੀਮਪੁਰ ਖੀਰੀ ਮੋਰਚਾ,ਐਮਐਸਪੀ ਦੀ ਕਾਨੂੰਨੀ ਗਾਰੰਟੀ ਅੰਦੋਲਨ ਤੇ ਕਿਸਾਨਾਂ ਦੇ ਕਾਤਲ ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਲਈ ਪ੍ਰੋਗਰਾਮ ਉਲੀਕੇ ਜਾਣ ਤੇ ਵੀ ਚਰਚਾ ਹੋਈ ਹੈ।