Punjab

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਿਹੜੇ ਮਾਰਗਾਂ ਰਾਹੀਂ ਪਹੁੰਚਿਆ ਸੀ ਸ਼੍ਰੀ ਅਨੰਦਪੁਰ ਸਾਹਿਬ

A full welcome for the 'Sis Marg Yatra reached Mohali the journey started from Delhi on November 27

ਮੁਹਾਲੀ : ਬੰਗਾ ਮਾਤਾ ਰੰਗਾ ਸਾਹਿਬ ਜ਼ੀਰਕਪੁਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕੱਢਿਆ ਜਾ ਰਿਹਾ 12ਵਾਂ ਵਿਸ਼ਾਲ ਨਗਰ ਕੀਰਤਨ ‘ਸੀਸ ਮਾਰਗ ਯਾਤਰਾ’ ਦਾ ਅੱਜ ਮੁਹਾਲੀ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ। ਇਹ ਯਾਤਰਾ 27 ਨਵੰਬਰ ਨੂੰ ਸਵੇਰੇ ਪੰਜ ਵਜੇ ਦਿੱਲੀ ਵਿੱਚ ਸਥਿਤ ਗੁ.ਸੀਸ ਗੰਜ ਸਾਹਿਬ ਚਾਂਦਨੀ ਚੌਂਕ ਤੋਂ ਸ਼ੁਰੂ ਹੋਈ ਹੈ, ਜੋ 29 ਨਵੰਬਰ ਨੂੰ ਗੁ.ਸੀਸ ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਯਾਤਰਾ ਵਿੱਚ ਸ਼ਾਮਿਲ ਹਰ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਤੁਸੀਂ ਵੀ ਕਰੋ ਇਸ ਪਾਵਨ ਸੀਸ ਮਾਰਗ ਯਾਤਰਾ ਦੇ ਲਾਈਵ ਦਰਸ਼ਨ।

ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲ ਰਹੀ ਇਸ ਸੀਸ ਮਾਰਗ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਰਸਤੇ ਵਿੱਚ ਵੱਖ ਵੱਖ ਥਾਵਾਂ ਉੱਤੇ ਸੰਗਤ ਵੱਲੋਂ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ। ਅੱਜ ਮੁਹਾਲੀ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵੀ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ।

ਹੁਣ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਿਹੜੇ ਮਾਰਗਾਂ ਰਾਹੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਸੀ, ਉਸ ਬਾਰੇ ਜਾਣਾਂਗੇ। ਨਵੰਬਰ, 1675 ਈ: ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸ਼ਹੀਦ ਕਰਨ ਲਈ ਕਾਜ਼ੀ ਨੇ ਫ਼ਤਵਾ ਪੜ੍ਹ ਦਿੱਤਾ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕਰਕੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ।

ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸਰੀਰ ਦੀ ਬੇਅਦਬੀ ਨਾ ਹੋਣ ਦੇਣ ਦੀ ਵਿਚਾਰ ਕੀਤੀ। ਸਿੱਖਾਂ ਵੱਲੋਂ ਤੈਅ ਕੀਤੀ ਯੋਜਨਾ ਅਨੁਸਾਰ ਭਾਈ ਨਾਨੂੰ, ਜੈਤਾ ਜੀ, ਊਦਾ ਅਤੇ ਆਗਿਆ ਰਾਮ ਟਾਂਡੇ ਦੇ ਨਾਲ ਚਾਂਦਨੀ ਚੌਂਕ ਪਹੁੰਚੇ। ਗੱਡਿਆਂ ਵਿੱਚੋਂ ਫੁਰਤੀ ਨਾਲ ਉੱਤਰ ਕੇ ਭਾਈ ਨਾਨੂੰ ਤੇ ਭਾਈ ਜੈਤਾ ਜੀ ਨੇ ਹਨ੍ਹੇਰੇ ਦਾ ਲਾਭ ਉਠਾਉਂਦਿਆਂ ਗੁਰੂ ਜੀ ਦਾ ਸੀਸ ਚੁੱਕ ਲਿਆ। ਇਹ ਪਾਵਨ ਸੀਸ ਭਾਈ ਜੈਤਾ ਜੀ ਆਪਣੇ ਗ੍ਰਹਿ ਵਿਖੇ ਲੈ ਗਏ। ਇਹਨਾਂ ਨੇ ਪਾਵਨ ਸੀਸ ਨੂੰ ਸਤਿਕਾਰ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਣ ਦੀ ਤਿਆਰੀ ਕੀਤੀ।

ਨਵੰਬਰ 1675 ਨੂੰ ਦਿੱਲੀ ਤੋਂ ਚੱਲ ਕੇ ਰਾਹ ਵਿੰਚ ਪੰਜ ਪੜਾਅ ਕੀਤੇ ਗਏ। ਪਹਿਲਾ ਬਾਗਪੱਤ, ਦੂਜਾ ਤਰਾਉੜੀ (ਕਰਨਾਲ) ਤੀਜਾ ਅਨਾਜ ਮੰਡੀ (ਸੀਸ ਗੰਜ, ਅੰਬਾਲਾ), ਚੌਥਾ ਨਾਭਾ ਸਾਹਿਬ (ਚੰਡੀਗੜ੍ਹ) ਅਤੇ ਪੰਜਵਾਂ ਕੀਰਤਪੁਰ ਸਾਹਿਬ। ਕੀਰਤਪੁਰ ਤੋਂ ਭਾਈ ਰਮੱਤਾ ਜੀ ਖ਼ਬਰ ਦੇਣ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਦਸਮੇਸ਼ ਪਿਤਾ ਸਮੇਤ ਸੰਗਤਾਂ ਕੀਰਤਪੁਰ ਪਹੁੰਚੀਆਂ।

ਭਾਈ ਜੈਤਾ ਜੀ ਦੀ ਕੁਰਬਾਨੀ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਗਲ ਨਾਲ ਲਗਾਇਆ। ਇੱਥੋਂ ਕੀਰਤਨ ਕਰਦੀਆਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਅਤੇ ਸੀਸ ਦਾ ਸਸਕਾਰ ਕੀਤਾ, ਜਿੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।