ਜਲਾਲਾਬਾਦ ‘ਚ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਕਰੂਜ਼ਰ ਗੱਡੀ ‘ਤੇ ਦਰੱਖਤ ਡਿੱਗ ਗਿਆ। ਗੱਡੀ ਵਿੱਚ 11 ਅਧਿਆਪਕ ਸਵਾਰ ਸਨ। ਜਲਾਲਾਬਾਦ ਤੋ ਫਿਰੋਜਪੁਰ ਹਾਈਵੇ ਤੇ ਪਿੰਡ ਪੀਰ ਮੁਹੰਮਦ ਕੋਲ ਹਾਦਸਾ ਤੜਕਸਾਰ ਸਾਢੇ ਛੇ ਵਜੇ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਦੋ ਅਧਿਆਪਕਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਗੰਭੀਰ ਜ਼ਖਮੀ ਅਧਿਆਪਕਾਂ ਦੇ ਵਿੱਚੋਂ ਇਕ ਮਹਿਲਾ ਅਤੇ ਪੁਰਸ਼ ਜਲਾਲਾਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। 3 ਅਧਿਆਪਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਅਧਿਆਪਕਾਂ ਨੂੰ ਲੈ ਕੇ ਕਰੂਜ਼ਰ ਗੱਡੀ ਤਰਨਤਾਰਨ ਵੱਲ ਜਾ ਰਹੀ ਸੀ। ਇਸ ਦੇ ਨਾਲ ਹੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਕਾਰ ‘ਤੇ ਸਫੈਦੇ ਦਾ ਦਰੱਖਤ ਡਿੱਗ ਗਿਆ। ਹਾਦਸੇ ਤੋਂ ਬਾਅਦ ਸੜਕ ‘ਤੇ ਹਾਹਾਕਾਰ ਮੱਚ ਗਈ। ਅਧਿਆਪਕ ਗੱਡੀ ਦੇ ਅੰਦਰ ਹੀ ਫਸ ਗਏ। ਨੇੜੇ ਦੇ ਲੋਕ ਨੇ ਹਾਦਸੇ ਦੀ ਆਵਾਜ਼ ਸੁਣ ਤੁਰੰਤ ਪੀੜਤਾਂ ਵੱਲ ਭੱਜੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ।
ਜ਼ਖ਼ਮੀਆਂ ਦੀ ਪਛਾਣ ਰਜਨੀ ਬਾਲਾ ਵਾਸੀ ਪਾਲੀਵਾਲਾ, ਬਲਵਿੰਦਰ ਸਿੰਘ ਭੋਡੀਪੁਰ, ਡਰਾਈਵਰ ਸੁਖਦੇਵ ਸਿੰਘ ਕੱਟਿਆਂਵਾਲਾ, ਨਰਿੰਦਰ ਸਿੰਘ ਮਹਾਲਮ, ਨੀਰੂ ਕੰਬੋਜ ਸਵਾਹਵਾਲਾ, ਸ਼ੈਫਾਲੀ ਜਲਾਲਾਬਾਦ, ਲੇਖਰਾਜ ਵਾਸੀ ਪਾਲੀਵਾਲਾ, ਹਰਦੇਵ ਸਿੰਘ ਕਾਠਗੜ੍ਹ ਵਜੋਂ ਹੋਈ ਹੈ। ਇਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਨੀਲਮ ਰਾਣੀ ਪਵਨ ਕੁਮਾਰ ਨੂੰ ਗੰਭੀਰ ਸੱਟਾਂ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 24 ਮਾਰਚ ਨੂੰ ਜਿਲਾ ਫਾਜ਼ਿਲਕਾ ਤੋਂ ਵਲਟੋਹਾ ਜਾ ਰਹੀ ਅਧਿਆਪਕਾਂ ਦੀ ਕਰੂਜਰ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਹਾਦਸੇ ਵਿੱਚ ਤਿੰਨ ਅਧਿਆਪਕਾਂ ਸਣੇ ਇੱਕ ਡਰਾਇਵਰ ਦੀ ਮੌਕੇ ‘ਤੇ ਹੀ ਮੌਤ ਗਈ ਸੀ।