ਚੰਡੀਗੜ੍ਹ : ਲੰਪੀ ਸਕਿਨ ਦੀ ਬਿਮਾਰੀ (lumpy skin disease Punjab) ਨਾਲ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਪਸ਼ੂ ਮੇਲਿਆਂ ਵਿੱਚ ਆਪਣੇ ਮਾਲਕ ਲਈ 45 ਬਾਈਕ ਅਤੇ ਟਰੈਕਟਰ ਜਿੱਤਣ ਵਾਲੇ ਸਿਕੰਦਰ (Bull Sikandar) ਦੀ ਲੰਪੀ ਸਕਿਨ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ। ਸਿਕੰਦਰ ਦੇ ਨਾਮ ਨਾਲ ਮਸ਼ਹੂਰ ਇਹ ਸਾਨ੍ਹ ਜਲੰਧਰ ਦੇ ਫੋਲਰੀਵਾਲ ਦੇ ਪਸ਼ੂ ਪਾਲਕ ਦਾ ਸੀ। ਭਿਆਨਕ ਬਿਮਾਰੀ ਲੰਪੀ ਸਕਿਨ ਦੀ ਲਪੇਟ ਵਿੱਚ ਆਉਣ ਕਾਰਨ ਸਿਕੰਦਰ ਦੀ 16 ਅਗਸਤ ਨੂੰ ਮੌਤ ਹੋ ਗਈ ਸੀ। ਦੁਖੀ ਮਾਲਕ ਨੇ ਸਿਕੰਦਰ ਦੀ ਯਾਦ ਵਿੱਚ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਿਕੰਦਰ ਦੀ ਇੱਕ ਮੂਰਤੀ ਵੀ ਬਣਾਉਣਗੇ। ਇਸਦੇ ਲਈ ਕਲਾਕਾਰ ਨਾਲ ਸੰਪਰਕ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ‘ਸਿਕੰਦਰ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਸੀ। ਅੱਜ ਜੋ ਵੀ ਸਾਡੇ ਕੋਲ ਹੈ, ਉਸਦੀ ਵਜ੍ਹਾ ਸਿਕੰਦਰ ਹੈ। ਉਹ ਨਾ ਹੁੰਦਾ ਸਾਡੇ ਕੋਲ ਕੁੱਝ ਨਾ ਹੁੰਦਾ। ਪਰ ਬਹੁਤ ਦੁਖੀ ਹਾਂ ਕਿ ਉਸਦੀ ਜਾਨ ਨਹੀਂ ਬਚ ਸਕੀ।‘
ਫੋਲੀਵਾਲ ਨੇ ਦੱਸਿਆ ਕਿ ਸਿਕੰਦਰ ਉਸ ਦੀ ਜ਼ਿੰਦਗੀ ਵਿੱਚ ਉਦੋਂ ਆਇਆ ਜਦੋਂ ਸਿਕੰਦਰ ਇੱਕ ਸਾਲ ਦਾ ਵੀ ਨਹੀਂ ਸੀ। ਅਸੀਂ ਇਸਨੂੰ 16,000 ਰੁਪਏ ਵਿੱਚ ਖਰੀਦਿਆ। ਅਸੀਂ ਉਸ ਨੂੰ ਸਿਖਲਾਈ ਦਿੱਤੀ ਅਤੇ ਆਸਾਨੀ ਨਾਲ ਉਸ ਨਾਲ ਗੱਲਬਾਤ ਕਰਦੇ ਸੀ। ਰਾਜਾ ਫੋਲੀਵਾਲ ਦਾ ਕਹਿਣਾ ਹੈ ਕਿ ਸਿਕੰਦਰ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਪਸ਼ੂਆਂ ਦੀ ਯਾਦ ਵਿੱਚ ਭੋਗ ਸਮਾਗਮ ਕਰ ਰਹੇ ਕਿਸਾਨ
ਦੂਜੇ ਪਾਸੇ ਸਮਰਾਲਾ ਦੇ ਪਿੰਡ ਹਡੀਆਂ ਦੇ ਕਿਸਾਨ ਰਵਿੰਦਰ ਸਿੰਘ ਨੇ ਚਮੜੀ ਦੀ ਬਿਮਾਰੀ ਕਾਰਨ ਬੱਚਿਆਂ ਵਾਂਗ ਰੱਖੇ ਚਾਰ ਬਲਦ ਗਵਾ ਲਏ। ਚਾਰਾਂ ਬਲਦਾਂ ਦੀ ਮੌਤ ਤੋਂ ਬਾਅਦ ਰਵਿੰਦਰ ਨੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਕਰਵਾਈ। ਇਸ ਅੰਤਿਮ ਅਰਦਾਸ ਵਿੱਚ ਸੈਂਕੜੇ ਲੋਕ ਇਕੱਠੇ ਹੋਏ, ਜਿਨ੍ਹਾਂ ਨੂੰ ਲੰਗਰ ਵੀ ਛਕਾਇਆ ਗਿਆ। ਅੰਤਿਮ ਅਰਦਾਸ ਲਈ ਸੱਦਾ ਪੱਤਰ ਵੀ ਛਪਵਾਏ ਗਏ। ਇਸ ਤਰ੍ਹਾਂ ਹੀ ਨਵਾਂਸ਼ਹਿਰ ਦੇ ਪਿੰਡ ਹੇੜੀਆਂ ਦੇ ਸਤਵਿੰਦਰ ਸਿੰਘ ਨੇ ਆਪਣੇ ਬਲਦ ਭੋਲੂ ਦੀ ਯਾਦ ਵਿੱਚ 23 ਅਗਸਤ ਨੂੰ ‘ਪੱਥ’ ਦਾ ਆਯੋਜਨ ਕੀਤਾ। ਸੋਸ਼ਲ ਮੀਡੀਆ ‘ਤੇ ਇੱਕ ਸੱਦਾ ਵੀ ਭੇਜਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਛੇ ਸਾਲਾ ਭੋਲੂ ਨੇ ਦੋ ਕਾਰਾਂ, ਇੱਕ ਮੋਟਰਸਾਈਕਲ ਅਤੇ ਇੱਕ ਨਕਦ ਇਨਾਮ ਜਿੱਤਿਆ ਹੈ।
ਸਤਵਿੰਦਰ ਨੇ ਕਿਹਾ ਕਿ ‘ਸਾਨੂੰ ਇਸ ‘ਤੇ ਕਾਬੂ ਪਾਉਣਾ ਪਵੇਗਾ, ਪਰ ਇਹ ਆਸਾਨ ਨਹੀਂ ਹੋਵੇਗਾ। ਮੈਂ ਭੋਲੂ ਨੂੰ ਬਚਾਉਣ ਲਈ ਸਭ ਕੁਝ ਕੀਤਾ, ਪਰ ਐਲਐਸਡੀ ਨੇ ਉਸਨੂੰ ਮੇਰੇ ਤੋਂ ਖੋਹ ਲਿਆ।‘ ਸਮਰਾਲਾ ਦੇ ਪਿੰਡ ਹਡੀਆਂ ਦੇ ਰਵਿੰਦਰ ਸਿੰਘ ਨੇ ਆਪਣੇ ਚਾਰ ਬਲਦਾਂ, ਅਰਜੁਨ, ਚੀਨਾ, ਕਾਲਾ ਨਾਗ, ਨਵਾਬ ਨੂੰ ਲੰਪੀ ਸਕਿਨ ਬਿਮਾਰੀ ਨੇ ਲਪੇਟ ਵਿੱਚ ਲੈ ਲਿਆ ਸੀ, ਜਿਨ੍ਹਾਂ ਨੂੰ ਬੱਚਿਆਂ ਵਾਂਗ ਰੱਖਿਆ ਹੋਇਆ ਸੀ। ਰਵਿੰਦਰ ਨੇ ਰਾਜਸਥਾਨ ਤੋਂ ਦਿੱਲੀ ਤੱਕ ਲੱਖਾਂ ਰੁਪਏ ਖਰਚ ਕੇ ਬਲਦਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।