Khaas Lekh Khalas Tv Special Religion

ਗੁਰੂ ਕੀ ਨਗਰੀ ਵਸਾਉਣ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਬਾਰੇ ਜਾਣੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-  ਅੱਜ ਚੌਥੀ ਨਾਨਕ ਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ (Sri Guru Ramdas Sahib Ji) ਦਾ ਜੋਤੀ ਜੋਤਿ ਦਿਹਾੜਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਮਨੁੱਖਤਾ ਉੱਤੇ ਜੋ ਮਹਾਨ ਪਰਉਪਕਾਰ ਕੀਤੇ ਹਨ, ਆਉ ਉਨ੍ਹਾਂ ਬਾਰੇ ਜਾਣੀਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਾਹੌਰ ਦੀ ਚੂਨਾ ਮੰਡੀ ਵਿਖੇ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਜੀ ਕਿਹਾ ਜਾਂਦਾ ਸੀ। ਅਜੇ ਆਪ ਜੀ ਸੱਤ ਸਾਲਾਂ ਦੇ ਹੀ ਸਨ ਕਿ ਆਪ ਜੀ ਦੀ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਤੇ ਦੋ ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਇਸ ਤੋਂ ਬਾਅਦ ਆਪ ਜੀ ਬਾਸਰਕੇ ਆਪਣੇ ਨਾਨਕੇ ਚਲੇ ਗਏ ਪਰ ਨਾਨਕੇ ਘਰ ਵਿੱਚ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਨ। ਆਪ ਜੀ ਦੀ ਨਾਨੀ ਆਪ ਜੀ ਨੂੰ ਘੁੰਙਣੀਆਂ ਉਭਾਲ ਕੇ ਦਿੰਦੇ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਲ ਅਵਸਥਾ ਵਿੱਚ ਗਲੀ ਗਲੀ ਵੇਚ ਕੇ ਆਪਣੀ ਉਪਜੀਵਕਾ ਕਮਾਉਂਦੇ ਸਨ।

ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕਰ ਦਿੱਤਾ, ਬੈਰਾਗ ਨੇ ਆਪ ਜੀ ਨੂੰ ਤਿਆਗੀ ਬਣਾ ਦਿੱਤਾ। ਇੱਕ ਦਿਨ ਤਿਆਗਮਈ ਅਵਸਥਾ ਵਿੱਚ ਆਪ ਜੀ ਗਲੀ ਗਲੀ ਵਿੱਚ ਵਿਚਰ ਰਹੇ ਸਨ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਆਪ ਜੀ ਉੱਤੇ ਪਈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਉੱਤੇ ਨਿਗ੍ਹਾ ਪੈਣ ਦੀ ਹੀ ਦੇਰ ਸੀ ਕਿ ਆਪ ਜੀ ਬਾਅਦ ਵਿੱਚ ਉਨ੍ਹਾਂ ਦੇ ਹੀ ਬਣ ਕੇ ਰਹਿ ਗਏ। ਭਾਈ ਜੇਠਾ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਅਤੇ ਇਸ ਸੇਵਾ ਅਤੇ ਨਿਮਰਤਾ ਨੂੰ ਵੇਖਦਿਆਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਗੁਰੂ ਦੀ ਸੰਗਤ, ਸਤਿਸੰਗੀਆਂ ਦੇ ਇਕੱਠ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਸੇਵਾ ਭਾਵ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਅਤੇ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗਣ ਲੱਗ ਪਿਆ। ਸਮਾਂ ਲੰਘਦਾ ਗਿਆ ਅਤੇ ਆਪ ਜੀ ਦੀਆਂ ਸੇਵਾ ਅਤੇ ਸਿਮਰਨ ਦੀ ਰੁਚੀਆਂ ਵੀ ਵੱਧਦੀਆਂ ਗਈਆਂ।

ਇੱਕ ਦਿਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਦੋਵੇਂ ਜਵਾਈਆਂ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਨੂੰ ਕਿਹਾ ਕਿ ਸਾਨੂੰ ਇੱਕ ਸਿੰਘਾਸਣ ਚਾਹੀਦਾ ਹੈ, ਅਸੀਂ ਉਸ ਉੱਤੇ ਬੈਠਣਾ ਹੈ। ਉਨ੍ਹਾਂ ਨੇ ਆਪਣੇ ਦੋਵੇਂ ਜਵਾਈਆਂ ਨੂੰ ਥੜਾ ਬਣਾਉਣ ਲਈ ਕਿਹਾ। ਥੜਾ ਬਣਾਉਣ ਦੀ ਸੇਵਾ ਵਿੱਚ ਭਾਈ ਜੇਠਾ ਜੀ ਪੂਰਾ ਉਤਰੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਗੱਦੀ ਦਾ ਵਾਰਿਸ ਭਾਈ ਜੇਠਾ ਜੀ ਨੂੰ ਚੁਣਿਆ ਅਤੇ ਆਪ ਜੀ ਦਾ ਨਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖ ਦਿੱਤਾ।

ਗੁਰਗੱਦੀ ਮਿਲਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸ਼ਬਦ ਉਚਾਰਣ ਕੀਤਾ :

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ।।
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੈ ਸਭਿ ਸੋਗ ਸੰਤਾਪੇ।।

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪਨਿਆਂ ਨੂੰ ਆਪ ਜੀ ਨੇ ਸਾਕਾਰ ਕਰਨਾ ਸ਼ੁਰੂ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਕਲਪਨਾ ਚਿਤਰਣ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਆ ਸੀ। ਉਸੇ ਹੀ ਸੁਪਨੇ ਨੂੰ ਪੂਰਾ ਕਰਨ ਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਉਣਾ ਸ਼ੁਰੂ ਕੀਤਾ ਅਤੇ ਉਸਦਾ ਨਾਂ ਗੁਰੂ ਕਾ ਚੱਕ ਰੱਖਿਆ। ਇੱਥੇ ਹੀ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਆਰੰਭ ਕੀਤੀ। ਜਿਸ ਪ੍ਰਕਾਰ ਦਾ ਤੀਰਥ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ, ਇਸ ਪ੍ਰਕਾਰ ਦਾ ਤੀਰਥ ਅੱਜ ਤੱਕ ਨਾ ਹੀ ਇਸ ਧਰਤੀ ਉੱਤੇ ਬਣਿਆ ਹੈ ਅਤੇ ਨਾ ਹੀ ਬਣ ਸਕੇਗਾ। ਇਸੇ ਲਈ ਹੀ ਤਾਂ ਇਸ ਤੀਰਥ ਦੀ ਸ਼ੋਭਾ ਵਿੱਚ ਇਹ ਬੜੀਆਂ ਕੀਮਤੀ ਪੰਕਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।।
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।

ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਯਾਤਰੀਆਂ ਦੇ ਲਈ ਅਰਾਮਗਾਹ ਬਣਾਈ। ਆਉਣ ਵਾਲੇ ਯਾਤਰੀਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੀ ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਇਸ ਲਈ ਆਪ ਜੀ ਨੇ ਸਵੇਰੇ ਅਤੇ ਸ਼ਾਮ ਸਤਿਸੰਗ ਦੇ ਪ੍ਰਵਾਹ ਜਾਰੀ ਕੀਤੇ। ਗੁਰੂ ਸਾਹਿਬ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਅਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ।

ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪ੍ਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਚਾਰਾ ਲਾਵਾਂ ਦੇ ਰੂਪ ਵਿੱਚ ਦਿੱਤੀ। ਆਪ ਜੀ ਨੇ ਸੂਹੀ ਰਾਗ ਦੇ ਵਿੱਚ ਚਾਰ ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ। ਇੰਝ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚੌਥੀ ਜੋਤ ਅੰਮ੍ਰਿਤਸਰ ਵਿੱਚ ਜਗਮਗਾਉਂਦੀ ਰਹੀ ਅਤੇ ਜਗਤ ਨੂੰ ਚਾਨਣਾ ਦਿੰਦੀ ਰਹੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 1581 ਈ: ਨੂੰ ਜੋਤੀ ਜੋਤ ਸਮਾ ਗਏ।