ਸੰਗਰੂਰ : ਉੱਤਰੀ ਭਾਰਤ ਸਮੇਤ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਦਾ ਪ੍ਰਕੋਪ ਹਰ ਰੋਜ਼ ਵੱਧਦਾ ਜਾ ਰਿਹਾ ਹੈ। ਲਗਾਤਾਰ ਤਾਪਮਾਨ ਵਿੱਚ ਗਿਰਾਵਟ ਹੁੰਦੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਠੰਢ ਨੇ ਪੰਜਾਬ ਵਿੱਚ 19 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਦੇ ਜ਼ਿਆਦਾਤਾਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਇੱਕ ਮੰਦੀ ਖ਼ਬਰ ਸਾਹਮਣੇ ਆਈ ਹੈ।
ਸੰਗਰੂਰ ਦੇ ਸੁਨਾਮ ਵਿੱਚ ਰਾਤ ਦੇ ਸਮੇਂ ਸੌਂ ਰਹੇ ਮਜ਼ਦੂਰਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਮਜ਼ਦੂਰਾਂ ਨੇ ਠੰਢ ਤੋਂ ਬਚਣ ਦੇ ਲਈ ਰਾਤ ਨੂੰ ਕਮਰੇ ਵਿੱਚ ਅੰਗੀਠੀ ਬਾਲੀ ਸੀ, ਜਿਸ ਕਰਕੇ ਸਾਹ ਘੁੱਟਣ ਕਰਕੇ ਕਮਰੇ ਵਿੱਚ ਸੌਂ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ, ਇੱਕ ਮਜ਼ਦੂਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਰਨ ਵਾਲੇ ਪੰਜੇ ਮਜ਼ਦੂਰ ਬਿਹਾਰ ਦੇ ਬੇਗੁਸਰਾਏ ਦੇ ਰਹਿਣ ਵਾਲੇ ਸਨ। ਸ਼ੁਰੂਆਤੀ ਜਾਂਚ ਵਿੱਚ ਅੰਗੀਠੀ ਵਿੱਚ ਧੂੰਏਂ ਦੇ ਕਰਕੇ ਸਾਹ ਘੁੱਟਣ ਕਰਕੇ ਮਜ਼ਦੂਰਾਂ ਦੀ ਮੌਤ ਹੋਈ ਹੈ। ਜਦੋਂ ਸਵੇਰੇ ਸਾਥੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰ ਨਹੀਂ ਉੱਠੇ। ਇਹ ਮਜ਼ਦੂਰ ਸੰਗਰੂਰ ਦੇ ਸੁਨਾਮ ਦੇ ਕੋਲ ਇੱਕ ਸੈਲਰ ਵਿੱਚ ਕੰਮ ਕਰਦੇ ਸਨ।
ਲਗਾਤਾਰ ਵੱਧ ਰਹੀ ਠੰਢ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਠੰਢ ਦਾ ਪ੍ਰਕੋਪ ਜਾਰੀ ਰਹੇਗਾ। ਸੀਤ ਲਹਿਰ ਬਰਕਰਾਰ ਰਹੇਗੀ, ਧੁੰਦ ਅਤੇ ਕੋਹਰਾ ਵੀ ਪਵੇਗਾ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫ਼ੀ ਫਰਕ ਪੈ ਜਾਵੇਗਾ ਅਤੇ ਲਗਾਤਾਰ ਤਾਪਮਾਨ ਵਿੱਚ ਗਿਰਾਵਟ ਹੁੰਦੀ ਰਹੇਗੀ।