Punjab

3 ਸਾਲ ਦੇ ਗੁਰਸਿੱਖ ਨੇ 40 ਮਿੰਟ ਤੱਕ ਲਗਾਤਾਰ ਵਜਾਇਆ ਤਬਲਾ, ਬਣਾਇਆ ਵਿਸ਼ਵ ਰਿਕਾਰਡ

ਕਹਿੰਦੇ ਨੇ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਹੈ ਅਤੇ ਕਾਬਲੀਅਤ ਦਾ ਕੋਈ ਦਾਇਰਾ ਨਹੀਂ ਹੁੰਦਾ।ਬਸ ਜ਼ਰੂਰਤ ਹੁੰਦੀ ਹੈ ਹੁਨਰ ਨੂੰ ਤਲਾਸ਼ ਕੇ ਉਸ ਨੂੰ ਤਰਾਸ਼ਣ ਦੀ। ਲੁਧਿਆਣਾ ਦੇ ਇਸ਼ਵੀਰ ਨੇ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। 38.56 ਮਿਨਟ ਲਗਾਤਾਰ ਤਬਲਾ ਵਜਾਇਆ। ਪੂਰਾ ਪਰਿਵਾਰ ਗੁਰਸਿੱਖ ਹੈ ਅਤੇ ਗੁਰਬਾਣੀ ਨਾਲ ਜੁੜਿਆ ਹੋਇਆ ਹੈ।

ਜਿਸ ਉਮਰ ਵਿਚ ਬੱਚੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੇ ਹੁੰਦੇ ਇਸ ਉਮਰ ਵਿਚ ਲੁਧਿਆਣਾ ਦੇ ਇਸ਼ਵੀਰ ਸਿੰਘ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ। ਮਹਿਜ 2 ਸਾਲ 11 ਮਹੀਨੇ ਦੀ ਉਮਰ ਵਿਚ ਗੁਰਸਿੱਖ ਬੱਚੇ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਸੀ। ਹੁਣ ਉਸ ਦੀ ਉਮਰ ਤਿੰਨ ਸਾਲ ਤੋਂ ਉੱਪਰ ਹੈ।

ਇਸ਼ਵੀਰ ਸਿੰਘ ਲੁਧਿਆਣਾ ਦੇ ਬੀਅਰਸ ਨਗਰ ਵਿਚ ਸਥਿਤ ਡੀਏਵੀ ਸਕੂਲ ਦੇ ਐਲਕੇਜੀ ਦਾ ਵਿਦਿਆਰਥੀ ਹੈ। ਇਸ਼ਵੀਰ ਨੇ ਲਗਾਤਾਰ 38.56 ਮਿੰਟ ਤਬਲਾ ਵਜਾ ਕੇ ਇਹ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ, ਉਸ ਦਾ ਵਿਸ਼ਵ ਰਿਕਾਰਡ ਲਗਭਗ 30 ਮਿੰਟ ਦਾ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਜਦੋਂ ਇੱਕ ਸਾਲ ਦਾ ਸੀ ਉਦੋਂ ਤੋਂ ਹੀ ਤਬਲੇ ਦੇ ਨਾਲ ਉਸ ਦਾ ਇੰਨਾ ਜ਼ਿਆਦਾ ਲਗਾਵ ਸੀ ਕਿ ਉਹ ਤਬਲਾ ਵਾਦਕ ਦੇ ਗੋਦੀ ਵਿਚ ਬੈਠ ਕੇ ਤਬਲਾ ਸਿੱਖਿਆ ਕਰਦਾ ਸੀ।

ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਅਤੇ ਉਸ ਦੇ ਪਿਤਾ ਜੋਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਕਿਸੇ ਤੋਂ ਵੀ ਪ੍ਰੋਫੈਸ਼ਨਲ ਤਬਲਾ ਵਜਾਉਣ ਦੀ ਸਿਖਲਾਈ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਸਾਲ ਦਾ ਸੀ, ਉਦੋਂ ਉਸ ਨੂੰ ਢੋਲਕੀ ਲਿਆ ਕੇ ਦਿੱਤੀ ਸੀ। ਉਹ ਢੋਲਕੀ ਨੂੰ ਤਬਲੇ ਵਾਂਗ ਵਜਾਉਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਮਨ ਨੂੰ ਸਮਝਿਆ ਕਿ ਇਹ ਤਬਲਾ ਵਜਾਉਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਉਸ ਦੀ ਨਾਨੀ ਨੇ ਤਬਲਾ ਦਿੱਤਾ, ਤਾਂ ਉਸ ਨੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਸਿਰਫ਼ ਦੋ ਸਾਲ 11 ਮਹੀਨੇ ਦੀ ਉਮਰ ਵਿਚ ਉਸ ਨੇ ਤਬਲਾ ਵਜਾਉਣ ਵਿਚ ਵਿਸ਼ਵ ਰਿਕਾਰਡ ਬਣਾ ਦਿੱਤਾ। ਮਾਤਾ-ਪਿਤਾ ਨੇ ਦੱਸਿਆ ਕਿ ਇਸ਼ਵੀਰ ਸਿੰਘ ਨੇ ਸਿਰਫ ਟੀਵੀ ਵਿਚ ਵੇਖ ਵੇਖ ਕੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ।

ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਇੱਕ ਘਰ ਦਾ ਉਦਘਾਟਨ ਸੀ, ਜਦੋਂ ਕੀਰਤਨ ਸਮਾਗਮ ਸ਼ੁਰੂ ਹੋਇਆ, ਤਾਂ ਤਬਲਾ ਵਜਾਉਣ ਵਾਲੇ ਤਬਲਾ ਵਾਦਕ ਨਹੀਂ ਆਏ। ਇੰਨਾ ਵੱਡਾ ਸਮਾਗਮ ਹੋਣ ਕਰਕੇ ਉਹ ਕੀਰਤਨ ਰੱਦ ਨਹੀਂ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਕਿਹਾ ਕਿ ਇਸ਼ਵੀਰ ਹੀ ਤਬਲਾ ਵਜਾ ਲਵੇਗਾ।

ਉਸ ਦੀ ਮਾਤਾ ਨੇ ਕਿਹਾ ਕਿ ਇਸ ਦੌਰਾਨ ਉਸ ਬੱਚੇ ਨੇ ਡੇਢ ਘੰਟਾ ਲਗਾਤਾਰ ਜਦੋਂ ਤੱਕ ਕੀਰਤਨ ਚੱਲਦਾ ਰਿਹਾ ਤਾਂ ਪੂਰੀ ਤਾਲ ਮਿਲਾਉਂਦੇ ਹੋਏ ਤਬਲਾ ਵਜਾਇਆ ਅਤੇ ਸਾਰੇ ਹੀ ਰਿਸ਼ਤੇਦਾਰ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਕਿ ਇੰਨੀ ਘੱਟ ਉਮਰ ਵਿੱਚ ਉਹ ਇੰਨੀ ਦੇਰ ਤੱਕ ਕਿਸ ਤਰ੍ਹਾਂ ਬਿਨਾਂ ਥੱਕੇ ਤਬਲਾ ਵਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੇ ਉੱਤੇ ਰੱਬ ਦੀ ਹੀ ਮਿਹਰ ਹੈ ਅਤੇ ਰੱਬ ਦੀ ਉਸ ਨੂੰ ਸਿੱਖੀ ਦੇ ਵੱਲ ਗੁਰਬਾਣੀ ਦੇ ਵੱਲ ਲਗਾਇਆ ਹੈ ਅਤੇ ਉਹ ਪੜ੍ਹਾਈ ਵਿਚ ਵੀ ਕਾਫ਼ੀ ਚੰਗਾ ਹੈ।