ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹੁਤ ਸਮੇਂ ਬਾਅਦ ਮੁੜ ਸਿਆਸਤ ਵਿੱਚ ਗਰਮਾ ਗਏ ਹਨ। ਨਵਜੋਤ ਸਿੱਧੂ ਨੇ ਅੱਜ ਪੰਜਾਬ ਸਰਕਾਰ ਤੋਂ ਹਵਾਈ ਖਰਚਿਆਂ ਦਾ ਹਿਸਾਬ ਮੰਗਿਆ ਹੈ। ਇਸਦੇ ਨਾਲ ਹੀ ਨਵਜੋਤ ਸਿੱਧੂ ਨੇ ਪੰਜਾਬ ਸਿਵਲ ਐਵੀਏਸ਼ਨ ਵਿਭਾਗ ਨੂੰ ਚਿੱਠੀ ਲਿਖ ਕੇ ਜਾਣਕਾਰੀ ਦੀ ਮੰਗ ਕੀਤੀ ਹੈ। ਸਿੱਧੂ ਨੇ ਹੈਲੀਕਾਪਟਰ ਅਤੇ ਏਅਰਕ੍ਰਾਫਟ ਦਾ ਖਰਚਾ ਵੀ ਮੰਗਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫਿਕਸਡ ਵਿੰਗ ਏਅਰਕ੍ਰਾਫਟ ਹਾਇਰ ਕਰਨ ਦਾ ਵਿੱਤੀ ਬੋਝ ਸੂਬਾ ਸਰਕਾਰ ਨੂੰ ਝੱਲਣਾ ਪੈਂਦਾ ਹੈ। ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਵਿੱਚ ਕਿੰਨੀ ਵਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲਿਆ ਗਿਆ ਹੈ, ਇਹ ਜਹਾਜ਼ ਕਿੱਥੇ ਅਤੇ ਕਿਸ ਮਕਸਦ ਲਈ ਲਿਆ ਗਿਆ ਹੈ, ਇਸਦਾ ਹਿਸਾਬ ਮੰਗਿਆ ਹੈ। ਉਨ੍ਹਾਂ ਨੇ ਹਵਾਈ ਜਹਾਜ਼ ਸਮੇਤ ਸਾਰੀਆਂ ਉਡਾਣਾਂ ਅਤੇ ਕਿਰਾਏ ਦੇ ਕੁੱਲ ਬਿੱਲ ਸਮੇਤ ਕਿਰਾਏ ਅਤੇ ਹਵਾਈ ਅੱਡੇ ਦੀ ਜਾਣਕਾਰੀ ਵੀ ਮੰਗੀ।
ਸਿੱਧੂ ਨੇ ਕਿਹਾ ਕਿ “ਸਰਬੱਤ ਦੇ ਭਲੇ” ਦੀ ਥਾਂ “ਆਪਣਾ ਨਿੱਜੀ ਭਲਾ” – ਪੰਜਾਬ ਦੀ ਸਰਕਾਰ ਦਾ ਸੱਚ ਹੈ!!
पंजाबियों के माल पे – “AAP” की रोज़ दिवाली !!
ਪੰਜਾਬੀਆਂ ਦੇ ਮਾਲ ਤੇ – 'ਆਪ' ਦੀ ਰੋਜ਼ ਦੀਵਾਲੀ !! pic.twitter.com/0zXMwHDMqs
— Navjot Singh Sidhu (@sherryontopp) September 27, 2023
ਸਿੱਧੂ ਨੇ ਦੋਸ਼ ਲਗਾਇਆ ਕਿ ਦਿੱਲੀ ਕੋਲ ਆਪਣਾ ਕੁਝ ਨਹੀਂ ਹੈ, ਜੋ ਵੀ ਹੈ ਉਹ ਪੰਜਾਬ ਤੋਂ ਹੀ ਜਾਂਦਾ ਹੈ, ਚਾਹੇ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੋਵੇ। ਸਿੱਧੂ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਕਮਾਈ ਦੇ ਟੈਕਸ ਨਾਲ ਚੱਲਣ ਵਾਲਾ ਹੈਲੀਕਾਪਟਰ ਪਾਰਟੀ ਮੁਹਿੰਮ ਲਈ ਦੂਸਰਿਆਂ ਰਾਜਾਂ ਵਿੱਚ ਵਰਤਿਆ ਜਾ ਰਿਹਾ ਹੈ। ਸਿੱਧੂ ਨੇ ਇੱਕ ਨਾਅਰਾ ਦਿੰਦਿਆਂ ਕਿਹਾ ਕਿ “ਪੰਜਾਬ ਦੇ ਲੋਕਾਂ ਦੇ ਮਾਲ ‘ਤੇ “ਆਪ” ਦੀ ਰੋਜ਼ ਦਿਵਾਲੀ”। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨੂੰ ਕਿਹਾ ਕੁਝ ਹੋਰ ਸੀ ਅਤੇ ਕਰ ਕੁਝ ਹੋਰ ਰਹੀ ਹੈ।
ਸਿੱਧੂ ਨੇ ਪੰਜਾਬ ਸਿਰ ਚੜੇ ਕਰਜ਼ੇ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮਾਨ ਸਰਕਾਰ ਕਰਜ਼ਾ ਲੈ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਪੰਜਾਬ ਦਿਵਾਲੀਆ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਯੋਜਨਾ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਗਿਰਵੀ ਰੱਖਣ ‘ਤੇ ਲੱਗੇ ਹੋਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਖਰਚੇ ਗਏ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਦੇ ਦੇਣ।