Punjab Sports

ਸ਼ੂਟਿੰਗ ਲਈ ਮੈਡੀਕਲ ਕਾਲਜ ਛੱਡਿਆ ! ਡਾਕਟਰੀ ਦਾ ਸੁਪਣਾ ਭੁਲਿਆ ! ਫਿਰ ਏਸ਼ੀਅਨ ਖੇਡਾਂ ‘ਚ ਪੰਜਾਬ ਦੀ ਧੀ ਨੇ ਜਿੱਤਿਆ ਗੋਲਡ ਦੇ ਨਾਲ ਸਿਲਵਰ ਮੈਡਲ

ਬਿਉਰੋ ਰਿਪੋਰਟ :ਪੰਜਾਬ ਦੀ ਨੌਜਵਾਨ ਸ਼ੂਟਰ ਸਿਫ਼ਤ ਕੌਰ ਸਮਰਾ ਨੇ 19ਵੇਂ ਏਸ਼ੀਅਨ ਗੇਮਜ਼ ਵਿੱਚ ਚੌਥੇ ਦਿਨ ਡਬਲ ਮੈਡਲ ਜਿੱਤਿਆ । 21 ਸਾਲ ਦੀ ਸਮਰਾ ਨੇ ਗੇਮਜ਼ ਵਿੱਚ ਵਰਲਡ ਰਿਕਾਰਡ ਦੇ ਨਾਲ ਗੋਲਡ ਆਪਣੇ ਨਾਂ ਕੀਤਾ । ਫਿਰ ਟੀਮ ਮੁਕਾਬਲੇ ਵਿੱਚ ਵੀ ਉਹ ਸਿਲਵਰ ਜਿੱਤੀ । ਸਿਫ਼ਤ ਕੌਰ ਦੇ ਲਈ ਸ਼ੂਟਿੰਗ ਅਸਾਨ ਨਹੀਂ ਸੀ ਕਿਉਂਕਿ ਉਹ MBBS ਦੀ ਪੜ੍ਹਾਈ ਕਰ ਰਹੀ ਸੀ । ਪਰ ਉਸ ਨੇ ਆਪਣੀ ਮੰਜ਼ਿਲ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਅਤੇ ਡਾਕਟਰੀ ਦੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਕਿਉਂਕਿ ਮੈਡੀਕਲ ਕਾਲਜ ਵਿੱਚ ਘੱਟ ਹਾਜ਼ਰੀ ਦੇ ਕਾਰਨ ਉਸ ਨੂੰ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਸੀ । ਇੱਕ ਵਾਰ ਤਾਂ ਸਿਫ਼ਤ ਕੌਰ ਨੇ ਆਪਣੇ ਪ੍ਰਦਰਸ਼ਨ ਤੋਂ ਪਰੇਸ਼ਾਨ ਹੋਕੇ ਸ਼ੂਟਿੰਗ ਛੱਡਣ ਦਾ ਫ਼ੈਸਲਾ ਕਰ ਲਿਆ ਸੀ । ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਪਿਛਲੇ ਮਹੀਨੇ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਪੈਰਿਸ ਓਲੰਪਿਕ ਦਾ ਛੇਵਾਂ ਮੈਡਲ ਦਿਵਾਇਆ।

ਸਿਫ਼ਤ ਕੌਰ ਸਮਰਾ ਨੂੰ ਜਦੋਂ ਪੁੱਛਿਆ ਗਿਆ ਕਿ ਓਲੰਪਿਕ ਨੂੰ ਲੈ ਕੇ ਉਨ੍ਹਾਂ ਦੀ ਕੀ ਤਿਆਰੀ ਚੱਲ ਰਹੀ ਹੈ ਤਾਂ ਉਸ ਨੇ ਕਿਹਾ ਮੈਂ ਹਮੇਸ਼ਾ ਸ਼ਾਰਟ ਟਰਮ ਗੋਲ ਬਣਾ ਕੇ ਤਿਆਰੀ ਕਰਦੀ ਹਾਂ,ਹੁਣ ਮੇਰਾ ਕੇਂਦਰ ਏਸ਼ੀਆਡ ‘ਤੇ ਹੈ । ਸਮਰਾ ਨੇ ਕਿਹਾ ਕਿ ਭਾਵੇਂ ਮੈਨੂੰ ਵਰਲਡ ਕੱਪ ਵਿੱਚ ਮੈਡਲ ਨਹੀਂ ਮਿਲਿਆ ਹੈ ਪਰ ਓਲੰਪਿਕ ਦਾ ਕੋਟਾ ਦਿਵਾਉਣ ਵਿੱਚ ਸਫਲ ਹੋਣ ਦੀ ਮੈਨੂੰ ਖ਼ੁਸ਼ੀ ਹੈ ।

ਸਿਫ਼ਤ ਕੌਰ ਨੇ ਪਹਿਲਾਂ ਮਾਰਚ ਵਿੱਚ ISSF ਵਰਲਡ ਕੱਪ ਭੋਪਾਲ ਵਿੱਚ ਜਿੱਤਿਆ ਸੀ । ਉਸ ਨੇ ਕਿਹਾ ਮੈਂ ਹੁਣ ਫਾਰਮ ਵਿੱਚ ਹਾਂ ਅਤੇ ਮੇਰਾ ਸ਼ੂਟਿੰਗ ਦਾ ਸਫਰ ਚੰਗਾ ਚੱਲ ਰਿਹਾ ਹੈ । ਸਿਫ਼ਤ ਨੇ ਕਿਹਾ ਉਸ ਨੂੰ ਉਮੀਦ ਹੈ ਵਰਲਡ ਕੱਪ ਵਿੱਚ ਓਲੰਪਿਕ ਦੇ ਲਈ ਜਿਹੜਾ ਭਾਰਤ ਨੂੰ ਕੋਟਾ ਹਾਸਲ ਹੋਇਆ ਹੈ ਉਸ ਦੇ ਲਈ ਉਹ ਹੀ ਜਾਏਗੀ ।

ਮੇਰੇ ਲਈ ਸ਼ੂਟਿੰਗ MBBS ਤੋਂ ਜ਼ਿਆਦਾ ਜ਼ਰੂਰੀ ਸੀ

ਸਿਫ਼ਤ ਕੌਰ ਸਮਰਾ ਨੇ ਕਿਹਾ ਜਦੋਂ MBBS ਅਤੇ ਸ਼ੂਟਿੰਗ ਵਿੱਚ ਚੁਣਨ ਦੀ ਵਾਰੀ ਆਈ ਤਾਂ ਮੇਰੇ ਪਰਿਵਾਰ ਨੂੰ ਫ਼ੈਸਲਾ ਕਰਨ ਸੀ । ਅਸੀਂ ਸਪੋਰਟਸ ਨੂੰ ਤਰਜ਼ੀਹ ਦਿੱਤੀ ਕਿਉਂਕਿ ਸ਼ੂਟਿੰਗ ਚੰਗੀ ਚੱਲ ਰਹੀ ਸੀ,ਮੈਡੀਕਲ ਤੋਂ ਜ਼ਿਆਦਾ ਮੈਨੂੰ ਖੇਡ ਪਸੰਦ ਸੀ । ਇਹ ਹੀ ਕਾਰਨ ਸੀ ਮੈਂ ਖੇਡਾਂ ਨੂੰ ਚੁਣਿਆ। ਸਮਰਾ ਨੇ ਕਿਹਾ MBBS ਦੇ ਨਾਲ ਸ਼ੂਟਿੰਗ ਕਰਨਾ ਮੁਸ਼ਕਿਲ ਸੀ ਕਿਉਂਕਿ ਅਸਾਇਨਮੈਂਟ ਵੀ ਹੁੰਦੇ ਸਨ ਅਤੇ ਨੈਸ਼ਨਲ ਕੈਂਪ ਵੀ ਹੁੰਦੇ ਹਨ । ਅਜਿਹੇ ਵਿੱਚ ਦੋਵਾਂ ਨੂੰ ਮੈਨੇਜ ਕਰਨਾ ਅਸਾਨ ਨਹੀਂ ਹੁੰਦਾ ਹੈ । MBBS ਵਿੱਚ 80% ਹਾਜ਼ਰੀ ਹੋਣੀ ਚਾਹੀਦੀ ਹੈ,ਜੋ ਮੈਂ ਨਹੀਂ ਕਰ ਪਾ ਰਹੀ ਸੀ । ਕਾਲਜ ਨੇ ਕਿਹਾ ਸੀ ਕਿ 80% ਹਾਜ਼ਰੀ ਪੂਰੀ ਕਰਨੀ ਹੋਵੇਗੀ,ਉਨ੍ਹਾਂ ਨੇ ਜਦੋਂ ਮੈਨੂੰ ਪਹਿਲੇ ਸਾਲ ਇਮਤਿਹਾਨ ਵਿੱਚ ਨਹੀਂ ਬੈਠਣ ਦਿੱਤਾ ਤਾਂ ਮੈਂ MBBS ਛੱਡ ਦਿੱਤੀ ।

ਕਿਉਂ ਸ਼ੂਟਿੰਗ ਛੱਡਣ ਦਾ ਫ਼ੈਸਲਾ ਲਿਆ ?

ਸਿਫ਼ਤ ਕੌਰ ਨੇ ਦੱਸਿਆ ਕਿ ਜਦੋਂ ਉਸ ਦਾ ਨੀਟ ਦਾ ਇਮਤਿਹਾਨ ਕਲੀਅਰ ਹੋ ਗਿਆ ਸੀ ਅਤੇ ਮੈਨੂੰ MBBS ਦੀ ਸੀਟ ਮਿਲ ਗਈ ਸੀ । ਮੈਂ ਸੀਨੀਅਰ ਰੈਂਕਿੰਗ ਵਿੱਚ ਕਾਫ਼ੀ ਪਿੱਛੇ ਸੀ,ਉਸ ਵੇਲੇ ਜੂਨੀਅਰ ਵਿੱਚ ਮੇਰਾ ਅਖੀਰਲਾ ਟੂਰਨਾਮੈਂਟ ਸੀ । ਮੈਂ ਅਤੇ ਮੇਰੇ ਪਰਿਵਾਰ ਨੇ ਤੈਅ ਕੀਤਾ ਸੀ ਕਿ ਹੁਣ ਮੈਡੀਕਲ ਦੀ ਪੜਾਈ ਕਰਨੀ ਹੈ । ਕਿਉਂਕਿ ਮੈਂ ਅਖੀਰਲਾ ਟੂਰਨਾਮੈਂਟ ਸਮਝ ਕੇ ਖੇਡ ਰਹੀ ਸੀ । ਇਸ ਲਈ ਕੋਈ ਟੈਨਸ਼ਨ ਨਹੀਂ ਸੀ । ਮੈਂ ਜਿੱਤ ਹਾਰ ਦੇ ਬਾਰੇ ਕੁਝ ਨਹੀਂ ਸੋਚਿਆ ਅਤੇ ਨਤੀਜਾ ਚੰਗਾ ਆਇਆ। ਮੈਂ 1200 ਵਿੱਚੋਂ 1171 ਨੰਬਰ ਹਾਸਲ ਕੀਤੇ । ਇਹ ਮੇਰਾ ਬੈੱਸਟ ਸੀ ਅਤੇ ਇਸ ਨਾਲ ਜੂਨੀਅਰ ਰਿਕਾਰਡ ਵੀ ਬਣਿਆ ਸੀ ।