India

ਮਹਾਰਾਸ਼ਟਰ ਦੇ ਪਿੰਡ ‘ਚ ਭੀੜ ਵੱਲੋਂ ਸਿੱਖ ਬੱਚਿਆਂ ‘ਤੇ ਕੀਤੇ ਹਮਲੇ ਦੀ ਜਥੇਦਾਰ ਨੇ ਕੀਤੀ ਨਿੰਦਾ, SGPC ਨੂੰ ਦਿੱਤੇ ਨਿਰਦੇਸ਼

ਅੰਮ੍ਰਿਤਸਰ :  ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਹਾਰਾਸ਼ਟਰ ਦੇ ਪਿੰਡ ਵਿੱਚ ਭੀੜ ਵੱਲੋਂ ਸਿੱਖ ਨਾਬਾਲਗ ਬੱਚਿਆਂ ‘ਤੇ ਕੀਤੇ ਹਮਲੇ ਅਤੇ ਉਸ ਤੋਂ ਬਾਅਦ ਇੱਕ ਦੀ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਇਹ ਇੱਕ ਬੇਹਦ ਮੰਦਭਾਗੀ ਘਟਨਾ ਹੈ। ਭੀੜ ਵੱਲੋਂ ਬੇਰਹਿਮੀ ਨਾਲ ਤਿੰਨ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਹੈ ,ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਜੇਰੇ ਇਲਾਜ਼ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹਮਲੇ ਹੋ ਰਹੇ ਹਨ ,ਜੋ ਕਿ ਬੜੀ ਚਿੰਤਾਜਨਕ ਗੱਲ ਹੈ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਨਾਂਦੇੜ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਰਾਂ ਪਿੱਛੇ ਇਹ ਸਾਰੀ ਵਾਰਦਾਤ ਹੋਈ ਹੈ। ਹੋਰ ਸਿਕਲੀਗਰ ਪਰਿਵਾਰਾਂ ਵਾਂਗ ਇਹਨਾਂ ਬੱਚਿਆਂ ਦੇ ਪਰਿਵਾਰ ਸੂਰ ਪਾਲਣ ਦਾ ਕੰਮ ਕਰਦੇ ਹਨ। ਇਹ ਸੂਰ ਅਚਾਨਕ ਮੁਸਲਿਮ ਭਾਈਚਾਰੇ ਦੇ ਪਿੰਡ ਵਿੱਚ ਚਲੇ ਗਏ ,ਜਿਸ ਕਾਰਨ ਹੋਈ ਬਹਿਸ ਤੋਂ ਬਾਅਦ ਇਹਨਾਂ ਬੱਚਿਆਂ ਨਾਲ ਕੁੱਟਮਾਰ ਹੋਈ ਹੈ ਤੇ ਇੱਕ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ । ਉਹਨਾਂ SGPC ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਘਟਨਾ ਵਾਲੀ ਥਾਂ ਤੇ ਵਫ਼ਦ ਭੇਜਿਆ ਜਾਵੇ।