Punjab

’84 ਘੱਲੂਘਾਰੇ ਮੌਕੇ SGPC ਦਾ ਵੱਡਾ ਐਲਾਨ!

ਅੰਮ੍ਰਿਤਸਰ : ਜੂਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਸ੍ਰੀ ਅਕਾਲ ਤਖ਼ਤ ‘ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿੱਚ ਹਰ ਸਾਲ 6 ਜੂਨ ਨੂੰ ਘੱਲੂਘਾਰਾ ਦਿਹਾੜਾ ਬਣਾਇਆ ਜਾਂਦਾ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਹੁੰਦੀ ਅਤੇ ਸਮਾਗਮ ਵੀ ਉਲੀਕਿਆ ਜਾਂਦਾ ਹੈ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਨੇ ਸੰਗਤਾਂ ਦੇ ਲਈ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਇਸ ਵਾਰ ਸੰਗਤਾਂ ਨੂੰ ਘੱਲੂਘਾਰੇ ਦੌਰਾਨ ਜ਼ਖਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ।

ਇਸ ਗੁਰੂ ਘਰ ਵਿੱਚ ਸੰਗਤਾਂ ਦਰਸ਼ਨ ਕਰ ਸਕਦੀਆਂ ਹਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਫ਼ੈਸਲੇ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਘੱਲੂਘਾਰਾ ਦਿਹਾੜਾ ਸਬੰਧੀ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਜਾਵੇਗਾ ਅਤੇ 6 ਜੂਨ ਨੂੰ ਭੋਗ ਪਾਏ ਜਾਣਗੇ।

ਘੱਲੂਘਾਰੇ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ 6 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਜਾਣਗੇ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜੂਨ 1984 ਦੇ ਘੱਲੂਘਾਰੇ ਦਾ ਦਰਦ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਿੱਖ ਕੌਮ ਲਈ ਬੇਹੱਦ ਸੰਜੀਦਾ ਅਤੇ ਭਾਵੁਕਤਾ ਵਾਲਾ ਹੈ, ਜਿਸ ਦੀ ਭਾਵਨਾ ਮੁਤਾਬਕ ਸਿੱਖ ਕੌਮ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰੇਗੀ ।