ਮਾਨਸਾ : ਪਿਛਲੇ ਦਿਨਾਂ ਤੋਂ ਸ਼ਿਮਲਾ ਮਿਰਚ ਦੇ ਘੱਟ ਭਾਅ ਦਾ ਰੋਲਾ ਪਾ ਰਹੇ ਕਿਸਾਨਾਂ ਦੀ ਆਖਿਰ ਕਿਤੇ ਸੁਣਵਾਈ ਨਹੀਂ ਹੋਈ। ਅੱਕੇ ਕਿਸਾਨਾਂ ਨੇ ਹੁਣ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਖੇਤਾਂ ਵਿੱਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਜਦਕਿ ਇਸ ਤੋਂ ਪਹਿਲਾਂ ਭਾਅ ਦੀ ਮੰਗ ਲਈ ਕਿਸਾਨਾਂ ਨੇ ਸੜਕਾਂ ‘ਤੇ ਸੁੱਟ ਕੇ ਰੋਸ ਪ੍ਰਦਰਸ਼ਨ ਕੀਤੇ ਸਨ। ਹਾਲਤ ਇਹ ਹੈ ਕਿ ਹੁਣ ਕਿਸਾਨਾਂ ਸਬਜੀ ਦੀ ਖੇਤੀ ਕਰਨ ਤੋ ਤੋਬਾ ਕਰ ਲਈ ਹੈ।
ਪਿੰਡਾਂ ਦੇ ਹਿਸਾਬ ਨਾਲ ਮਾਲਵੇ ਵਿੱਚ ਸ਼ਿਮਲਾ ਮਿਰਚ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲਾ ਪਿੰਡ ਮਾਨਸਾ ਜਿਲ੍ਹੇ ਦਾ ਭੈਣੀਬਾਘਾ ਹੈ। ਪਿੰਡ ਦਾ ਸ਼ਿਮਲਾ ਮਿਰਚ ਦੇ ਕਾਸ਼ਤਕਾਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮੰਡੀਆਂ ਵਿੱਚ ਸ਼ਿਮਲਾ ਮਿਰਚ 1-2 ਰੁਪਏ ਪ੍ਰਤੀ ਕਿਲੋ ਵਿੱਕੀ ਹੈ। ਉਸ ਨੇ ਅੱਕੇ ਹੋਏ ਕਿਹਾ ਕਿ ਇਕ-ਦੋ-ਤਿੰਨ ਅੱਜ ਤੋਂ ਖੇਤ ਵਿੱਚ ਸਬਜੀ ਨਹੀਂ ਲਾਉਣੀ। ਹਰਵਿੰਦਰ ਨੇ ਕਿਹਾ ਕਿ ਸਰਕਾਰ ਦੇ ਫਸਲੀ ਭਵਿੰਨਤਾ ਦੇ ਨਾਅਰੇ ਸਦਕਾ ਉਨ੍ਹਾਂ ਨੇ ਕਣਕ-ਝੋਨੇ ਦਾ ਖੇੜਾ ਛਡਿਆ ਸੀ ਪਰ ਸਬਜ਼ੀਆਂ ਦੀ ਖੇਤੀ ਨੇ ਉਨ੍ਹਾਂ ਨੂੰ ਰੋਲ ਕੇ ਰੱਖ ਦਿੱਤਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਸਬਜੀਆਂ ਦੇ ਵਾਜਿਬ ਭਾਅ ਨਹੀਂ ਮਿਲ ਰਹੇ, ਜਿਸ ਕਾਰਨ ਸਬਜੀਆਂ ਬੀਜਣ ਵਾਲੇ ਕਿਸਾਨ ਘਾਟੇ ਵਿੱਚ ਜਾ ਰਹੇ ਹਨ। ਸਰਕਾਰ ਬਣਦਿਆਂ ਹੀ ਪੰਜਾਂ ਮਿੰਟਾਂ ਵਿੱਚ ਐਮਐਸਪੀ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਸਬਜੀਆਂ ਦੀ ਐਮਐਸਪੀ ‘ਤੇ ਚੁੱਪ ਹੈ।
ਕਿਸਾਨ ਆਗੂ ਨੇ ਕਿਹਾ ਕਿ ਮਾਨਸਾ ਵਿਖੇ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਇਸ ਦਾ ਇੱਕ ਰੁਪਏ ਤੋਂ ਲੈ ਤਿੰਨ ਰੁਪਏ ਤੱਕ ਦਾ ਰੇਟ ਮਿਲ ਰਿਹਾ ਹੈ। ਅਜਿਹੇ ਮਾੜੇ ਹਾਲਾਤ ਕਾਰਨ ਕਿਸਾਨਾਂ ਹੁਣ ਹੱਥ ਖੜ੍ਹੇ ਹੋ ਗਏ ਹਨ। ਕਿਸਾਨ ਅੱਗੇ ਤੋਂ ਸਬਜੀਆਂ ਦੀ ਕਾਸ਼ਤ ਕਰਨ ਦੀ ਹਿੰਮਤ ਨਹੀਂ ਕਰਨਗੇ। ਮੁੜ ਕੇ ਰਿਵਾਇਤੀ ਫ਼ਸਲਾਂ ਵੱਲ ਹੀ ਮੂੰਹ ਕਰਨਗੇ।
ਮਾਨਸਾ : ਕਿਸਾਨਾਂ ਨੇ ਸੜਕਾਂ ’ਤੇ ਸੁੱਟੀ ਸ਼ਿਮਲਾ ਮਿਰਚ, 1 ਰੁਪਏ ਕਿੱਲੋ ਨੂੰ ਮਿਲ ਰਿਹਾ ਸੀ ਭਾਅ
ਪਿੰਡ ਭੈਣੀਬਾਘਾ ਵਿਖੇ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ ਦੀ ਖੇਤੀ ਹੁੰਦੀ ਹੈ। ਪਿੰਡ ਵਿਖੇ ਸ਼ਿਮਲਾ ਮਿਰਚ ਦੇ ਕਾਸ਼ਤਕਾਰ ਕਿਸਾਨ ਜਗਦੇਵ ਸਿੰਘ ਨੇ ਦੱਸ਼ਿਆ ਕਿ ਇਸ ਵਾਰ ਵਪਾਰੀ ਦੋ ਤੋਂ ਲੈ ਕੇ ਤਿੰਨ ਰੁਪਏ ਕਿੱਲੋ ਨੂੰ ਸ਼ਿਮਲਾ ਮਿਰਚ ਖਰੀਦ ਰਹੇ ਹਨ ਜਦਕਿ ਪਿਛਲੇ ਸਾਲ ਇਹ 20 ਰੁਪਏ ਕਿੱਲੋ ਦਾ ਰੇਟ ਸੀ।