Punjab

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦਾ ਦੇਹਾਂਤ ! 43 ਦੀ ਉਮਰ ‘ਚ ਅਕਾਲ ਚਲਾਣਾ ਕੀਤਾ !

ਬਿਊਰੋ ਰਿਪੋਰਟ : ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਹਜ਼ੂਰੀ ਰਾਗੀ ਨੂੰ ਲੈਕੇ ਮਾੜੀ ਖਬਰ ਆਈ ਹੈ । ਭਾਈ ਹਰਕ੍ਰਿਸ਼ਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹ ਲੰਮੇ ਵਕਤ ਤੋਂ ਗੁਰਦਿਆਂ ਦੇ ਰੋਗ ਤੋਂ ਪਰੇਸ਼ਾਨ ਸਨ। 43 ਸਾਲ ਦੇ ਭਾਈ ਹਰਕ੍ਰਿਸ਼ਨ ਸਿੰਘ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਸੀ । ਭਾਈ ਹਰਕ੍ਰਿਸ਼ਨ ਸਿੰਘ ਦੇ ਜਾਣ ਨਾਲ ਸਿੱਖ ਸੰਗਤ ਵਿੱਚ ਸੋਗ ਦੀ ਲਹਿਰ ਹੈ। ਦਰਬਾਰ ਸਾਹਿਬ ਤੋਂ ਇਲਾਵਾ ਉਹ ਕਈ ਦੇਸ਼ਾਂ ਵਿੱਚ ਕੀਰਤਨ ਦੀ ਸੇਵਾ ਨਿਭਾ ਚੁੱਕੇ ਹਨ । ਸੰਗਤਾਂ ਦਾ ਉਨ੍ਹਾਂ ਨੂੰ ਬਹੁਤ ਪਿਆਰ ਮਿਲ ਦਾ ਸੀ।

ਭਾਈ ਹਰਕ੍ਰਿਸ਼ਨ ਸਿੰਘ ਵੱਲੋਂ ਜ਼ਿੰਦਗੀ ਦੇ ਥੋੜ੍ਹੇ ਸਮੇਂ ਵਿੱਚ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਰਿਵਾਰ ਦੇ ਨਾਲ ਦੁਖ ਸਾਂਝਾ ਕੀਤਾ ਹੈ ਅਤੇ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਨ।

ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਸੜਕ ਹਾਦਸੇ ਦੀ ਖਬਰ ਵੀ ਸਾਹਮਣ ਆਈ ਸੀ। ਮਹਿਤਾ ਚੌਕ ਦੇ ਨੇੜੇ ਅੱਡਾ ਬੁੱਟਰ ਕੋਲ ਇੱਕ ਸੜਕ ਹਾਦਸੇ ਵਿੱਚ ਭਾਈ ਰਵਿੰਦਰ ਨੂੰ ਗੰਭੀਰ ਸੱਟਾ ਲੱਗਿਆ ਸਨ। ਪੁਲਿਸ ਨੇ ਦੱਸਿਆ ਸੀ ਕਿ ਜਲੰਧਰ ਵੱਲੋਂ ਆ ਰਹੀ ਇੱਕ ਇਨੋਵਾ ਅਤੇ ਮੋਟਰ ਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਭਾਈ ਰਵਿੰਦਰ ਸਿੰਘ ਦੀ ਬਾਂਹ ਦੇ ਸੱਟ ਲੱਗੀ ਸੀ,ਉਨ੍ਹਾਂ ਨੂੰ ਜਲੰਧਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।